Ludhiana news: ਸਮਰਾਲਾ ‘ਚ SMO ਡਾ. ਤਾਰਕਜੋਤ ਸਿੰਘ ‘ਤੇ ਹਮਲਾ ਕਰਨ ਵਾਲਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਰਹੀ ਕਿ ਹਮਲੇ ਦਾ ਮਾਸਟਰ ਮਾਈਂਡ ਕੋਈ ਹੋਰ ਨਹੀ ਸਗੋਂ ਸਿਵਲ ਹਸਪਤਾਲ ਦਾ ਹੀ ਸਫ਼ਾਈ ਸੇਵਕ ਸੀ। ਇੱਕ ਮਹੰਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।


ਖੰਨਾ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ਹੋਇਆਂ SSP ਅਮਨੀਤ ਕੌਂਡਲ ਨੇ ਦੱਸਿਆ ਕਿ ਮਿਤੀ 25.02.2024 ਨੂੰ ਗੋਬਿੰਦ ਨਗਰ ਦੇ ਰਹਿਣ ਵਾਲੇ ਤਾਰਕਜੋਤ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਸਿਵਲ ਹਸਪਤਾਲ ਸਮਰਾਲਾ ਵਿਖੇ ਬਤੌਰ ਐਸ.ਐਮ.ਓ ਡਿਊਟੀ ਕਰਦੇ ਹਨ ਅਤੇ ਸਮਰਾਲਾ ਵਿਖੇ ਆਪਣੀ ਰਿਹਾਇਸ਼ ‘ਤੇ ਇੱਕਲੇ ਹੀ ਰਹਿੰਦੇ ਹਨ।


ਹਮਲਾਵਰਾਂ ਨੇ ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜਾਮ


ਉੱਥੇ ਹੀ ਮਿਤੀ 24.02.2024 ਨੂੰ ਰਾਤ ਦੇ ਕਰੀਬ 11:00 ਵਜੇ ਉਹ ਸਿਵਲ ਹਸਪਤਾਲ ਸਮਰਾਲਾ ਵਿੱਚੋਂ ਆਪਣੀ ਕਾਰ ‘ਚ ਆਪਣੇ ਘਰ ਜਾ ਰਹੇ ਸੀ ਤਾਂ ਇੱਕ ਵਰਨਾ ਕਾਰ ਆਈ ਜਿਸ ਵਿੱਚ 3-4 ਨੌਜਵਾਨ ਸਵਾਰ ਸਨ, ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ ਅਤੇ ਕਾਰ ਸਵਾਰ ਵਿਅਕਤੀ ਆਪਣੀ ਕਾਰ ਵਿੱਚੋਂ ਥੱਲ੍ਹੇ ਉਤਰ ਆਏ, ਜਿਨ੍ਹਾਂ ਨੇ ਹੱਥਾਂ ਵਿੱਚ ਕੁੱਝ ਫੜ੍ਹਿਆ ਹੋਇਆ ਸੀ, ਜੋ ਉਨ੍ਹਾਂ ਨੂੰ ਧਮਕੀਆਂ ਦੇਣ ਲੱਗੇ।


ਇਹ ਵੀ ਪੜ੍ਹੋ: Ludhiana News: ਖੰਨਾ 'ਚ ਤੇਲ ਕੰਪਨੀ ਨੂੰ ਲੱਗੀ ਅੱਗ, ਮੁਲਾਜ਼ਮਾਂ ਨੇ ਭੱਜ ਕੇ ਬਚਾਈ ਜਾਨ


ਉਨ੍ਹਾਂ ਨੇ ਡਰ ਕੇ ਆਪਣੀ ਕਾਰ ਭਜਾ ਲਈ। ਤਾਰਕਜੋਤ ਸਿੰਘ ਵੱਲੋਂ ਦਿੱਤੀ ਇਤਲਾਹ ‘ਤੇ ਨਾ-ਮਲੂਮ ਵਿਅਕਤੀਆਂ ਦੇ ਵਿਰੁੱਧ ਮੁਕੱਦਮਾ ਨੰਬਰ 39 ਮਿਤੀ 25.02.2024 ਅ/ਧ 341,506,34 ਭ/ਦ ਥਾਣਾ ਸਮਰਾਲਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਉੱਥੇ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਹਮਲਾ ਕਰਨ ਵਾਲੇ ਰੇਨੂ ਮਹੰਤ, ਮਨਪ੍ਰੀਤ ਸਿੰਘ ਅਤੇ ਸੰਜੀਵ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਦੋਸ਼ੀਆਂ ਦਾ ਪਹਿਲਾਂ ਹੀ ਕ੍ਰਿਮਿਨਲ ਰਿਕਾਰਡ ਸੀ


ਉਕਤ ਵਿਅਕਤੀਆਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਰੇਨੂੰ ਮਹੰਤ ਉਕਤ ਦਾ ਪਿੰਡ ਬਹਿਲੋਪੁਰ ਵਿਖੇ ਡੇਰਾ ਹੈ, ਜਿੱਥੇ ਮਨਪ੍ਰੀਤ ਸਿੰਘ ਉਕਤ, ਜੋ ਸਿਵਲ ਹਸਪਤਾਲ ਸਮਰਾਲਾ ਵਿਖੇ ਸਫ਼ਾਈ ਸੇਵਕ ਦਾ ਕੰਮ ਕਰਦਾ ਹੈ ਅਤੇ ਸੰਜੀਵ ਕੁਮਾਰ ਉੱਥੇ ਆਉਂਦੇ ਸਨ। ਇਨ੍ਹਾਂ ਨੂੰ ਪਤਾ ਸੀ ਕਿ ਐਸ.ਐਮ.ਓ ਤਾਰਕਜੋਤ ਸਿੰਘ ਦੇਰ ਰਾਤ ਆਪਣੇ ਘਰ ਨੂੰ ਜਾਂਦੇ ਹਨ। ਜਿਸ ਕਰਕੇ ਲੁੱਟ ਦੀ ਨੀਅਤ ਨਾਲ ਉਨ੍ਹਾਂ ਨੇ ਐਸਐਮਓ ‘ਤੇ ਹਮਲਾ ਕੀਤਾ ਸੀ। ਇਨ੍ਹਾਂ ਦਾ ਕ੍ਰਿਮਿਨਲ ਰਿਕਾਰਡ ਹੈ। ਮਨਪ੍ਰੀਤ ਤੋਂ ਇਲਾਵਾ ਬਾਕੀ ਦੋਵਾਂ ਖ਼ਿਲਾਫ਼ ਕੇਸ ਦਰਜ ਹਨ।


ਇਹ ਵੀ ਪੜ੍ਹੋ: Punjab Politics: ਸਿੱਧੂ ਤੇ ਜੀਵਨਜੋਤ ਕੌਰ ਮੁੜ ਆਹਮੋ-ਸਾਹਮਣੇ ! ਕਿਹਾ-ਲਹਜ਼ੇ 'ਚ ਬਦਤਮੀਜ਼ੀ, ਇੱਜ਼ਤ ਦੇ ਹੱਕਦਾਰ ਨਹੀਂ