Ludhiana News : ਖੰਨਾ ਪੁਲਿਸ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੇ ਚਾਰ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਚਾਰੇ ਸਮਰਥਕ ਸਮਰਾਲਾ ਇਲਾਕੇ ਨਾਲ ਸੰਬੰਧਤ ਹਨ। ਇਹਨਾਂ ਦੀ ਪਛਾਣ ਈਸ਼ਵਰ ਸਿੰਘ ਵਾਸੀ ਪਿੰਡ ਮਾਨੂੰਪੁਰ, ਗੁਰਪ੍ਰੀਤ ਸਿੰਘ ਵਾਸੀ ਪਿੰਡ ਉਟਾਲਾਂ, ਸੁਖਵਿੰਦਰ ਸਿੰਘ ਵਾਸੀ ਪਿੰਡ ਭਗਵਾਨਪੁਰਾ ਅਤੇ ਜਗਤਾਰ ਸਿੰਘ ਵਾਸੀ ਪਿੰਡ ਰਾਣਵਾਂ ਵਜੋਂ ਹੋਈ ਹੈ। 

 

ਇਹਨਾਂ ਵੱਲੋਂ ਅੰਮ੍ਰਿਤਪਾਲ ਦੇ ਸਾਥੀਆਂ ਦੀ ਗ੍ਰਿਫਤਾਰੀ ਅਤੇ ਅੰਮ੍ਰਿਤਪਾਲ ਦੀ ਭਾਲ ਦੇ ਵਿਰੋਧ 'ਚ ਹਾਈਵੇ ਜਾਮ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਸੀ। ਭਣਕ ਲੱਗਦੇ ਹੀ ਪੁਲਿਸ ਨੇ ਇਹਨਾਂ ਨੂੰ ਤੁਰੰਤ ਕਾਬੂ ਕਰ ਲਿਆ ਹੈ। ਪੁਲਿਸ ਨੇ 107-151 ਅਧੀਨ ਕਾਰਵਾਈ ਕਰਕੇ ਚਾਰੇ ਸਮਰਥਕਾਂ ਨੂੰ ਲੁਧਿਆਣਾ ਜੇਲ੍ਹ ਭੇਜ ਦਿੱਤਾ ਹੈ। ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਉਹਨਾਂ ਨੂੰ ਇਨਪੁੱਟ ਮਿਲੇ ਸੀ ਕਿ ਅੰਮ੍ਰਿਤਪਾਲ ਦੇ ਇਹ ਸਮਰਥਕ ਹਾਈਵੇ ਜਾਮ ਜਾਂ ਕੋਈ ਹੋਰ ਥਾਂ ਉਪਰ ਧਰਨਾ ਦੇਣ ਲਈ ਸੁਨੇਹਾ ਲਗਾ ਰਹੇ ਹਨ। ਜਿਸਨੂੰ ਦੇਖਦੇ ਹੋਏ ਕਾਰਵਾਈ ਕੀਤੀ ਗਈ।

 


 

ਐਸਐਸਪੀ ਨੇ ਕਿਹਾ ਕਿ ਅਮਨ ਸ਼ਾਂਤੀ ਬਰਕਰਾਰ ਰੱਖੀ ਜਾਵੇਗੀ। ਕਿਸੇ ਨੂੰ ਵੀ ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ। ਇਸਦੇ ਨਾਲ ਹੀ ਉਹਨਾਂ ਨੇ ਜ਼ਿਲ੍ਹਾ ਖੰਨਾ ਅੰਦਰ ਪੁਲਿਸ ਸੁਰੱਖਿਆ ਪ੍ਰਬੰਧਾਂ ਬਾਰੇ ਦੱਸਦੇ ਹੋਏ ਕਿਹਾ ਕਿ ਆਈਈਟੀਬੀ ਦੀ ਇੱਕ ਟੁਕੜੀ ਅਤੇ ਪੰਜਾਬ ਪੁਲਸ ਦੀਆਂ ਦੋ ਟੁਕੜੀਆਂ ਸਮੇਤ ਪੂਰੇ ਜਿਲ੍ਹੇ ਦੀ ਪੁਲਸ ਤਾਇਨਾਤ ਹੈ। ਸ਼ੋਸ਼ਲ ਮੀਡੀਆ ਉਪਰ ਵੀ ਨਿਗਰਾਨੀ ਰੱਖੀ ਜਾ ਰਹੀ ਹੈ। ਲਗਾਤਾਰ ਫਲੈਗ ਮਾਰਚ ਕੀਤੇ ਜਾ ਰਹੇ ਹਨ।


 

ਇਸ ਤੋਂ ਪਹਿਲਾਂ ਪਟਿਆਲਾ ਪੁਲਿਸ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਨੈਸ਼ਨਲ ਹਾਈਵੇ 44 ਨੂੰ ਜਾਮ ਕਰਨ ਦੀ ਕਾਲ ਦੇਣ ਵਾਲੇ ਹਰਿਆਣਾ ਦੇ ਪਿੰਡ ਜਲਵੇੜਾ ਦੇ ਵਾਸੀ ਨਵਦੀਪ ਸਿੰਘ ਤੇ ਪਿੰਡ ਪਜੋਖੜਾ ਸਾਹਿਬ ਦੇ ਰਹਿਣ ਵਾਲੇ ਸਿਮਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨੌਜਵਾਨਾਂ ਵੱਲੋਂ ਸ਼ੰਭੂ ਬਾਰਡਰ 'ਤੇ ਹਾਈਵੇ ਜਾਮ ਕਰਨ ਦੀ ਕਾਲ ਦਿੱਤੀ ਸੀ ਪਰ ਸ਼ੰਭੂ ਪੁਲੀਸ ਵੱਲੋਂ ਪਹਿਲਾਂ ਹੀ ਇਨ੍ਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

 


ਦੱਸ ਦੇਈਏ ਕਿ ਪੰਜਾਬ ਪੁਲਿਸ ਵੱਲੋਂ ‘ਭਗੌੜੇ’ ਐਲਾਨੇ ਗਏ 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਜਾਰੀ ਹੈ। ਪੰਜਾਬ ਭਰ ਵਿੱਚ 'ਵਾਰਿਸ ਪੰਜਾਬ ਦੇ' ਜਥੇਬੰਦੀ ਨਾਲ ਸੰਬਧਤ ਸਰਗਰਮ ਆਗੂਆਂ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ।ਉਧਰ ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੂੰ ਵੀ ਆਸਾਮ ਦੀ ਡਿੱਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਹਰਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਦੇ ਡਰਾਈਵਰ ਨੇ ਐਤਵਾਰ ਰਾਤ ਨੂੰ ਜਲੰਧਰ ਦੇ ਮਹਿਤਪੁਰ ਇਲਾਕੇ ਦੇ ਗੁਰਦੁਆਰੇ ਨੇੜੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਇਸ ਮਗਰੋਂ ਹਰਜੀਤ ਸਿੰਘ ਨੂੰ ਡਿੱਬਰੂਗੜ੍ਹ ਲਿਜਾਇਆ ਜਾ ਰਿਹਾ ਹੈ।