Ludhiana By-Election: ਲੁਧਿਆਣਾ ਵਿੱਚ 19 ਜੂਨ ਨੂੰ ਜ਼ਿਮਨੀ ਚੋਣ ਹੋਣੀ ਹੈ। ਸਿਆਸੀ ਪਾਰਟੀਆਂ ਦੇ ਉਮੀਦਵਾਰ ਇੱਕ-ਦੂਜੇ 'ਤੇ ਵੱਖ-ਵੱਖ ਢੰਗਾਂ ਨਾਲ ਨਿਸ਼ਾਨਾ ਸਾਧ ਰਹੇ ਹਨ। ਹਲਕਾ ਪੱਛਮੀ 'ਚ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਵਿਚਕਾਰ ਏਆਈ (AI) ਵਾਰ ਤੇਜ਼ ਹੋ ਚੁੱਕੀ ਹੈ।
ਆਸ਼ੂ ਦੀ ਸੋਸ਼ਲ ਮੀਡੀਆ ਟੀਮ ਸੰਜੀਵ ਅਰੋੜਾ ਦੀਆਂ ਫੋਟੋਆਂ 'ਤੇ ਵੱਖ-ਵੱਖ ਤਰ੍ਹਾਂ ਦੇ ਗਾਣੇ ਬਣਾਕੇ ਉਨ੍ਹਾਂ ਨੂੰ ਵਾਇਰਲ ਕਰ ਰਹੀ ਹੈ। ਹੁਣ ਸੰਜੀਵ ਅਰੋੜਾ ਦੀ ਟੀਮ ਵੀ ਐਕਟਿਵ ਹੋ ਗਈ ਹੈ। ਦੋਵਾਂ ਲੀਡਰਾਂ ਦੀਆਂ ਟੀਮਾਂ ਹੁਣ AI (Artificial intelligence) ਦਾ ਸਹਾਰਾ ਲੈ ਰਹੀਆਂ ਹਨ।
ਅਰੋੜਾ ਦੀ ਟੀਮ ਨੇ ਆਸ਼ੂ ਨੂੰ ਰੈਸਲਿੰਗ ਰਿੰਗ 'ਚ ਪਿੱਟਦੇ ਹੋਏ ਵਿਖਾਇਆ
ਲੁਧਿਆਣਾ ਵਿੱਚ 19 ਜੂਨ ਨੂੰ ਹੋਣ ਵਾਲੀਆਂ ਉਪ-ਚੋਣਾਂ ਦੌਰਾਨ ਸਿਆਸੀ ਪਾਰਟੀਆਂ ਵਿਚਕਾਰ ਸੋਸ਼ਲ ਮੀਡੀਆ ਜੰਗ ਤਿੱਖੀ ਹੋ ਗਈ ਹੈ। ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਅਰੋੜਾ ਦੀ ਟੀਮ ਨੇ ਏਆਈ ਦੀ ਮਦਦ ਨਾਲ ਇੱਕ ਵੀਡੀਓ ਬਣਾਇਆ, ਜਿਸ ਵਿੱਚ ਅਰੋੜਾ ਨੂੰ ਰੈਸਲਿੰਗ ਰਿੰਗ ਵਿੱਚ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਹਰਾਉਂਦੇ ਦਿਖਾਇਆ ਗਿਆ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਆਪ ਅਤੇ ਕਾਂਗਰਸ ਵਿਚਕਾਰ ਸੋਸ਼ਲ ਮੀਡੀਆ ਜੰਗ ਹੋਰ ਤੇਜ਼ ਹੋ ਗਈ ਹੈ। ਹਾਲਾਂਕਿ, ਬਾਅਦ ਵਿੱਚ ਅਰੋੜਾ ਦੇ ਸਮਰਥਕਾਂ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ।
ਇਸ ਵੀਡੀਓ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ, ਪਰ ਇਸ ਦੇ ਸੱਚ ਜਾਂ ਝੂਠ ਹੋਣ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਸੋਸ਼ਲ ਮੀਡੀਆ 'ਤੇ ਅਜਿਹੇ ਵੀਡੀਓ ਸਿਆਸੀ ਲਾਭ ਲਈ ਵਰਤੇ ਜਾਂਦੇ ਹਨ, ਪਰ ਇਹ ਵਿਵਾਦ ਵੀ ਪੈਦਾ ਕਰਦੇ ਹਨ।
ਕਾਂਗਰਸ ਨੇ ਆਸ਼ੂ, ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ 'ਤੇ ਖੇਡਿਆ ਦਾਅ
ਲੁਧਿਆਣਾ ਦੇ ਪੱਛਮੀ ਹਲਕੇ ਤੋਂ AAP ਵਿਧਾਇਕ ਗੁਰਪ੍ਰੀਤ ਬੱਸੀ ਦੀ ਮੌਤ ਤੋਂ ਬਾਅਦ ਪਾਰਟੀ ਨੇ ਰਾਜਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਹੈ। ਨਾਮ ਦੀ ਘੋਸ਼ਣਾ ਹੋਣ ਦੇ ਨਾਲ ਹੀ ਅਰੋੜਾ ਵਿਕਾਸ ਕਾਰਜਾਂ ਨੂੰ ਲੈ ਕੇ ਲੋਕਾਂ ਵਿਚ ਜਾਣ ਲੱਗ ਪਏ ਸਨ। ਕਾਰੋਬਾਰੀ ਹੋਣ ਕਰਕੇ ਉਹ ਉਦਯੋਗਪਤੀਆਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ।
ਦੂਜੇ ਪਾਸੇ, ਕਾਂਗਰਸ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਚੋਣੀ ਮੈਦਾਨ 'ਚ ਉਤਾਰਿਆ ਹੈ। ਆਸ਼ੂ ਇਸ ਹਲਕੇ ਤੋਂ ਪਹਿਲਾਂ 2 ਵਾਰੀ ਵਿਧਾਇਕ ਰਹਿ ਚੁੱਕੇ ਹਨ। ਹਲਕੇ 'ਚ ਉਨ੍ਹਾਂ ਦਾ ਕਾਫੀ ਪ੍ਰਭਾਵ ਸੀ, ਪਰ 2022 ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਦੇ ਸਾਹਮਣੇ ਉਹ ਟਿਕ ਨਾ ਸਕੇ।