ਲੁਧਿਆਣਾ 'ਚ ਬੁੱਧਵਾਰ, 26 ਨਵੰਬਰ ਨੂੰ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ। ਕਤਲ ਦੀ ਕੋਸ਼ਿਸ਼ (U/S 221, 132 BNS) ਅਤੇ ਹੋਰ ਧਾਰਾਵਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਇੱਕ ਕੈਦੀ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਿਆ। ਇਸ ਘਟਨਾ ਨੇ ਕੋਰਟ ਕੰਪਲੈਕਸ ਵਿੱਚ ਪੁਲਿਸ ਵੱਲੋਂ ਕੈਦੀਆਂ ਦੀ ਸੁਰੱਖਿਆ ਪ੍ਰਬੰਧਾਂ ਦੀ ਹਕੀਕਤ ਸਾਹਮਣੇ ਲਿਆ ਕੇ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

Continues below advertisement

ਕੀ ਹੈ ਪੂਰਾ ਮਾਮਲਾ?

ਜਾਣਕਾਰੀ ਮੁਤਾਬਕ, ਏਐਸਆਈ ਕੁਲਦੀਪ ਸਿੰਘ ਅਤੇ ਸਿਪਾਹੀ ਗੁਰਪਿੰਦਰ ਸਿੰਘ ਦੋਸ਼ੀ ਹਰਵਿੰਦਰ ਸਿੰਘ ਉਰਫ ਭੱਲਾ, ਨਿਵਾਸੀ ਪਿੰਡ ਮੁੱਲਾਪੁਰ ਨੂੰ ਮੁੱਖ ਨਿਆਂਇਕ ਮੈਜਿਸਟ੍ਰੇਟ ਮੈਡਮ ਰੀਤਿਕਾ ਗੁਪਤਾ ਦੀ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਜਾ ਰਹੇ ਸਨ। ਹਰਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਹੀ 24 ਨਵੰਬਰ ਨੂੰ ਧਾਰਾ U/S 304 BNS ਅਧੀਨ ਥਾਣਾ ਦਾਖਾ, ਜ਼ਿਲ੍ਹਾ ਲੁਧਿਆਣਾ ਵਿੱਚ ਮਾਮਲਾ ਦਰਜ ਸੀ।

Continues below advertisement

ਹੱਥਕੜੀ ਵਿੱਚੋਂ ਹੱਥ ਕੱਢ ਕੇ ਹੋਇਆ ਫਰਾਰ

ਇਹ ਘਟਨਾ ਕੋਰਟ ਕੰਪਲੈਕਸ ਦੇ ਪਾਰਕਿੰਗ ਏਰੀਆ ਵਿੱਚ ਵਾਪਰੀ। ਪੁਲਿਸ ਅਧਿਕਾਰੀ ਦੇ ਬਿਆਨ ਮੁਤਾਬਕ, ਦੋਸ਼ੀ ਹਰਵਿੰਦਰ ਸਿੰਘ ਨੇ ਚਾਲਾਕੀ ਦਿਖਾਉਂਦਿਆਂ ਆਪਣੇ ਹੱਥ 'ਤੇ ਲੱਗੀ ਹੱਥਕੜੀ ਵਿੱਚੋਂ ਹੱਥ ਬਾਹਰ ਕੱਢ ਲਿਆ। ਇਸ ਤੋਂ ਬਾਅਦ ਉਸ ਨੇ ਡਿਊਟੀ 'ਤੇ ਤੈਨਾਤ ਸਿਪਾਹੀ ਗੁਰਪਿੰਦਰ ਸਿੰਘ ਨੂੰ ਜ਼ੋਰ ਨਾਲ ਧੱਕਾ ਮਾਰਿਆ। ਧੱਕਾ ਮਾਰਣ ਤੋਂ ਬਾਅਦ ਹਰਵਿੰਦਰ ਆਮ ਲੋਕਾਂ ਅਤੇ ਪਾਰਕਿੰਗ 'ਚ ਖੜ੍ਹੀਆਂ ਗੱਡੀਆਂ ਦਾ ਸਹਾਰਾ ਲੈਂਦੇ ਹੋਏ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

ਪੁਲਿਸ ਦੀ ਲਾਪਰਵਾਹੀ

ਕੜੀ ਸੁਰੱਖਿਆ ਵਾਲੇ ਕੋਰਟ ਕੰਪਲੈਕਸ ਤੋਂ ਕਿਸੇ ਕੈਦੀ ਦਾ ਇਸ ਤਰ੍ਹਾਂ ਫਰਾਰ ਹੋ ਜਾਣਾ, ਉਹ ਵੀ ਹੱਥਕੜੀ ਵਿੱਚੋਂ ਹੱਥ ਕੱਢ ਕੇ, ਪੁਲਿਸ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੈਦੀ ਨੂੰ ਲੱਗੀ ਹੱਥਕੜੀ ਢੰਗ ਨਾਲ ਨਹੀਂ ਲਗਾਈ ਗਈ ਸੀ ਜਾਂ ਫਿਰ ਉਹ ਪਹਿਲਾਂ ਤੋਂ ਹੀ ਢਿੱਲੀ ਸੀ?

ਦੋ ਪੁਲਿਸ ਕਰਮਚਾਰੀ ਮੌਜੂਦ ਹੋਣ ਦੇ ਬਾਵਜੂਦ ਦੋਸ਼ੀ ਨੇ ਉਨ੍ਹਾਂ ਨੂੰ ਧੱਕਾ ਮਾਰ ਕੇ ਕਿਵੇਂ ਭੱਜਣ ਦਾ ਮੌਕਾ ਹਾਸਲ ਕਰ ਲਿਆ?

ਕੋਰਟ ਕੰਪਲੈਕਸ ਵਿੱਚ, ਖਾਸ ਕਰਕੇ ਪੇਸ਼ੀ ਦੇ ਸਮੇਂ, ਸੁਰੱਖਿਆ ਦੇ ਪ੍ਰਬੰਧ ਕਿਉਂ ਕਮਜ਼ੋਰ ਸਨ—ਇਹ ਘਟਨਾ ਇਹ ਗੱਲ ਸਾਫ ਕਰਦੀ ਹੈ ਕਿ ਸ਼ਾਇਦ ਕੈਦੀ ਨੂੰ ਲੈ ਕੇ ਜਾਂਦੇ ਸਮੇਂ ਪੁਲਿਸ ਵੱਲੋਂ ਜ਼ਰੂਰੀ ਸਾਵਧਾਨੀ ਨਹੀਂ ਬਰਤੀ ਗਈ।

ਫਰਾਰ ਦੋਸ਼ੀ ਖ਼ਿਲਾਫ਼ ਧਾਰਾ 224 BNS ਤਹਿਤ ਨਵਾਂ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਉਸਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।