Ludhiana News: ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਖਾਲਿਸਤਾਨੀਆਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ‘ਆਪ’ ਵਿਧਾਇਕਾਂ ਅਸ਼ੋਕ ਪਰਾਸ਼ਰ ਪੱਪੀ, ਦਲਜੀਤ ਸਿੰਘ ਗਰੇਵਾਲ (ਭੋਲਾ), ਜੀਵਨ ਸਿੰਘ ਸੰਗੋਵਾਲ ਤੇ ਰਜਿੰਦਰ ਪਾਲ ਕੌਰ ਛੀਨਾ ਨੇ ਖਾਲਿਸਤਾਨੀਆਂ ਉਪਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸਾਜਿਸ਼ਾਂ ਦਾ ਇਲਜ਼ਾਮ ਲਾਉਂਦਿਆਂ ਕਿਹਾ ਹੈ ਕਿ  ਬਾਹਰ ਬੈਠੇ ਲੋਕਾਂ ਖ਼ਿਲਾਫ਼ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਭਾਰਤ ਵਾਪਸ ਲਾਉਣ ਦੀ ਕਾਰਵਾਈ ਕੀਤੀ ਜਾਵੇਗੀ। 

ਦਰਅਸਲ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਬਾਰੇ ਅਮਰੀਕਾ ਬੈਠੇ ਖਾਲਿਸਤਾਨੀ ਗੁਰਪਤਵੰਤ ਪੰਨੂ ਵੱਲੋਂ ਕੀਤੀ ਗਈ ਗਲਤ ਟਿੱਪਣੀ ਖ਼ਿਲਾਫ਼ ਲੁਧਿਆਣਾ ਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੋਰਚਾ ਖੋਲ੍ਹਿਆ ਹੈ। ‘ਆਪ’ ਵਿਧਾਇਕਾਂ ਨੇ ਪੰਨੂ ਨੂੰ ਪੰਜਾਬ ਆਉਣ ਦੀ ਚੁਣੌਤੀ ਵੀ ਦਿੱਤੀ। ‘ਆਪ’ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਦਲਜੀਤ ਸਿੰਘ ਗਰੇਵਾਲ (ਭੋਲਾ), ਜੀਵਨ ਸਿੰਘ ਸੰਗੋਵਾਲ ਤੇ ਰਜਿੰਦਰ ਪਾਲ ਕੌਰ ਛੀਨਾ ਨੇ ਇਸ ਮੁੱਦੇ ’ਤੇ ਪੱਤਰਕਾਰ ਮਿਲਣੀ ਨੂੰ ਸੰਬੋਧਨ ਕੀਤਾ। 

ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਦੇਸ਼ ਤੋਂ ਬਾਹਰ ਬੈਠੇ ਕੁਝ ਲੋਕ ਤੇ ਏਜੰਸੀਆਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ‘ਆਪ’ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਪੰਜਾਬ ਵਿੱਚ ਜੋ ਸ਼ਾਨਦਾਰ ਕੰਮ ਕੀਤਾ ਹੈ, ਉਸ ਨੂੰ ਵਿਦੇਸ਼ੀ ਤਾਕਤਾਂ ਬਰਦਾਸ਼ਤ ਨਹੀਂ ਕਰ ਪਾ ਰਹੀਆਂ। ਉਨ੍ਹਾਂ ਕਿਹਾ ਕਿ ਗੁਰਪਤਵੰਤ ਪੰਨੂ ਆਪਣੇ ਹਿੰਸਕ ਬਿਆਨਾਂ ਨਾਲ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਨੂੰ ਵਿਗਾੜਨਾ ਚਾਹੁੰਦਾ ਹੈ ਪਰ ਉਹ ਪੰਜਾਬ ਦੇ ਸਭਿਆਚਾਰ ਬਾਰੇ ਕੁਝ ਨਹੀਂ ਜਾਣਦਾ। ਪੰਜਾਬ ਦੇ ਲੋਕ ਅਜਿਹੀਆਂ ਘਟੀਆ ਚਾਲਾਂ ਨੂੰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਬਾਹਰ ਬੈਠੇ ਲੋਕਾਂ ਖ਼ਿਲਾਫ਼ ਵੀ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਭਾਰਤ ਵਾਪਸ ਲਾਉਣ ਦੀ ਕਾਰਵਾਈ ਕੀਤੀ ਜਾਵੇਗੀ।

‘ਆਪ’ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਜੋ ਵੀ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇਗਾ, ਆਮ ਆਦਮੀ ਪਾਰਟੀ ਉਸ ਖ਼ਿਲਾਫ਼ ਡਟ ਕੇ ਖੜ੍ਹੇਗੀ। ‘ਆਪ’ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਪੰਨੂ ਵਰਗੇ ਲੋਕ ਅਜਿਹੇ ਭੜਕਾਊ ਬਿਆਨ ਦੇ ਕੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ। ਸੰਗੋਵਾਲ ਨੇ ਕਿਹਾ ਕਿ ਅਸੀਂ ਅਜਿਹੇ ਲੋਕਾਂ ਤੋਂ ਡਰਨ ਵਾਲੇ ਨਹੀਂ। 14 ਅਪਰੈਲ ਨੂੰ ਬਾਬਾ ਸਾਹਿਬ ਦਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਤੇ ਪਾਰਟੀ ਆਗੂ ਪਰਮਵੀਰ ਸਿੰਘ ਵੀ ਹਾਜ਼ਰ ਸਨ।