Dancer Simran's case: ਪਿਛਲੇ ਕੁੱਝ ਦਿਨਾਂ ਤੋਂ ਲੁਧਿਆਣਾ ਦੇ ਦੁੱਗਰੀ ਇਲਾਕੇ ਦੀ ਰਹਿਣ ਵਾਲੀ ਡਾਂਸਰ ਸਿਮਰਨ ਸੰਧੂ ਚਰਚਾ ਦੇ ਵਿੱਚ ਬਣੀ ਹੋਈ ਹੈ। ਉਸ ਦਾ ਡੀਐਸਪੀ ਦੇ ਰੀਡਰ ਨਾਲ ਝੜਪ ਵਾਲਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਇਆ ਅਤੇ ਸੁਰਖੀਆਂ ਵਿੱਚ ਵੀ ਰਹਿ। ਹੁਣ ਇਹ ਮਾਮਲਾ ਪੰਜਾਬ ਮਹਿਲਾ ਕਮਿਸ਼ਨ ਪਹੁੰਚ ਗਿਆ ਹੈ ਅਤੇ ਉਨ੍ਹਾਂ ਨੇ ਸੂਓ ਮੋਟੋ ਨੋਟਿਸ ਜਾਰੀ ਕੀਤਾ ਹੈ। ਖੰਨਾ ਦੇ ਐਸਐਸਪੀ ਨੂੰ ਇਸ ਮਾਮਲੇ ਵਿੱਚ ਡੀਐਸਪੀ ਪੱਧਰ ’ਤੇ ਜਾਂਚ ਕਰਕੇ ਰਿਪੋਰਟ ਦੇਣ ਲਈ 1 ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ।



ਇਨ੍ਹਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ


ਦੂਜੇ ਪਾਸੇ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਨਹੀਂ ਮਿਲਿਆ ਹੈ। ਨੋਟਿਸ ਮਿਲਣ 'ਤੇ ਤੁਰੰਤ ਰਿਪੋਰਟ ਪੇਸ਼ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਸਮਰਾਲਾ ਪੁਲਿਸ ਨੇ ਜਗਰੂਪ ਸਿੰਘ ਉਰਫ਼ ਜੁਪਾ ਵਾਸੀ ਪਿੰਡ ਰਾਣਵਾ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਿਮਰਨ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਖ਼ਿਲਾਫ਼ ਹਲਕੀ ਧਾਰਾਵਾਂ ਲਗਾਈਆਂ ਗਈਆਂ ਹਨ।


ਇਸ ਗੱਲ ਤੋਂ ਹੋਇਆ ਸੀ ਹੰਗਾਮਾ


ਸਿਮਰਨ ਨੇ ਇਸ ਮਾਮਲੇ ਵਿੱਚ ਕਿਹਾ ਸੀ ਕਿ ਮਾਮਲਾ ਸਮਰਾਲਾ ਦੇ ਗਿੱਲ ਰਿਜ਼ੋਰਟ ਨਾਲ ਸਬੰਧਤ ਹੈ। ਉਹ 25 ਹਜ਼ਾਰ ਰੁਪਏ ਦੀ ਬੁਕਿੰਗ 'ਤੇ ਪ੍ਰੋਗਰਾਮ ਕਰਨ ਗਈ ਸੀ। ਇੱਥੇ ਸਟੇਜ ਦੇ ਹੇਠਾਂ ਖੜ੍ਹੇ ਇੱਕ ਨੌਜਵਾਨ ਨੇ ਸ਼ਰਾਬ ਪੀ ਕੇ ਅਣਉਚਿਤ ਇਸ਼ਾਰੇ ਕੀਤੇ। ਫਿਰ ਉਸ ਨੂੰ ਸਟੇਜ ਤੋਂ ਹੇਠਾਂ ਆ ਕੇ ਡਾਂਸ ਕਰਨ ਲਈ ਕਿਹਾ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਨ੍ਹਾਂ ਨੌਜਵਾਨਾਂ ਨੇ ਉਸ ਨੂੰ ਸਟੇਜ ਤੋਂ ਭੱਜਣ ਦਾ ਇਸ਼ਾਰਾ ਕੀਤਾ।


ਉਥੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਉਕਤ ਨੌਜਵਾਨ ਕਿਸੇ ਡੀ.ਐਸ.ਪੀ ਦਾ ਰੀਡਰ ਹੈ। ਸਿਮਰਨ ਨੇ ਦੱਸਿਆ ਕਿ ਜਦੋਂ ਉਸ ਨੇ ਨੌਜਵਾਨ ਦਾ ਵਿਰੋਧ ਕੀਤਾ ਤਾਂ ਨੌਜਵਾਨਾਂ ਵੱਲੋਂ ਉਸ ਨੂੰ ਗਾਲ੍ਹਾਂ ਕੱਢੀਆਂ ਗਈਆਂ ਅਤੇ ਬਦਸਲੂਕੀ ਕੀਤੀ। ਇਸ ਤੋਂ ਬਾਅਦ ਕੁੜੀ ਨੇ ਵੀ ਨੌਜਵਾਨ ਨੂੰ ਗਾਲ੍ਹਾਂ ਕੱਢੀਆਂ। ਇਸ ਤੋਂ ਗੁੱਸੇ 'ਚ ਆ ਕੇ ਨੌਜਵਾਨ ਨੇ ਉਸ 'ਤੇ ਸ਼ਰਾਬ ਦਾ ਭਰਿਆ ਗਿਲਾਸ ਸੁੱਟ ਦਿੱਤਾ। ਇਸ ਤੋਂ ਬਾਅਦ ਮਾਮਲਾ ਕਾਫੀ ਗਰਮ ਹੋ ਗਿਆ ਸੀ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਇਆ।