Ludhiana News: ਸਰਕਾਰੀ ਸਹੂਲਤਾਂ ਦੀ ਘਾਟ ਤੇ ਅਰਥਿਕ ਤੰਗੀਆਂ ਵਿੱਚ ਘਿਰੇ ਕਈ ਹੀਰੇ ਚਮਕਣ ਤੋਂ ਪਹਿਲਾਂ ਹੀ ਮਿੱਟੀ ਵਿੱਚ ਦਫਨ ਹੋ ਰਹੇ ਹਨ। ਅਜਿਹੀ ਹੀ ਮਿਸਾਲ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗੋਸਲ ਦੇ ਜੰਮਪਲ ਤੇਜ਼ ਦੌੜਾਕ ਰਾਮ ਲਾਲ (40) ਹੈ। ਉਹ ਪੰਜਾਬ ’ਚ ਹੀ ਨਹੀਂ ਬਲਕਿ ਦੂਸਰੇ ਰਾਜਾਂ ਵਿੱਚ ਨਾਮਣਾ ਖੱਟ ਚੁੱਕਿਆ ਹੈ ਪਰ ਹੁਣ ਪੱਲੇਦਾਰੀ ਕਰਕੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ।
ਦੌੜਾਕ ਰਾਮ ਲਾਲ ਨੇ ਦੱਸਿਆ ਕਿ ਦੌੜਨ ਲਈ ਪਿੰਡ ਵਿੱਚ ਕੋਈ ਟਰੈਕ ਦੀ ਸਹੂਲਤ ਨਾ ਹੋਣ ਕਾਰਨ ਉਹ ਅੱਜ ਵੀ ਪਿੰਡ ਦੀ ਸੜਕ ’ਤੇ ਹਰ ਰੋਜ਼ ਸਖ਼ਤ ਮਿਹਨਤ ਕਰਦਾ ਹੈ। ਉਸ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਵੀ ਖਿਡਾਰੀਆਂ ਲਈ ਵਿਸੇਸ਼ ਉਪਰਾਲੇ ਦੀ ਗੱਲ ਕਹੀ ਗਈ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਕਿਸੇ ਸਰਕਾਰ ਨੇ ਮੇਰੀ ਸਾਰ ਨਹੀਂ ਲਈ। ਰਾਮ ਲਾਲ ਨੇ ਦੱਸਿਆ ਕਿ ਉਹ ਅਥਲੈਟਿਕ ਮੁਕਾਬਲੇ ਲਈ ਫਿਨਲੈਂਡ ਜਾਣਾ ਚਾਹੁੰਦਾ ਸੀ ਪਰ ਆਰਥਿਕ ਤੰਗੀ ਨੇ ਉਸਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ।
ਉਸ ਨੇ ਦੱਸਿਆ ਕਿ ਸਾਲ 2000-2001 ਵਿੱਚ ਜ਼ਿਲ੍ਹਾ ਐਮਚਿਓਰ ਅਥਲੈਟਿਕਸ ਚੈਂਪੀਅਨਸ਼ਿਪ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿੱਚ 5 ਕਿਲੋਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਇਸ ਤੋਂ ਇਲਾਵਾ ਲਗਪੱਗ ਸਾਰੇ ਪੰਜਾਬ ਪੇਂਡੂ ਟੂਰਨਾਮੈਂਟਾਂ ਵਿੱਚ 800 ਮੀਟਰ ਤੇ 1500 ਮੀਟਰ ਤੇ 5 ਕਿਲੋਮੀਟਰ ਦੌੜ ਵਿੱਚ ਪਹਿਲਾ ਜਾਂ ਦੂਸਰਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਐਮਚਿਓਰ ਅਥਲੈਟਿਕਸ ਐਸੋਸੀਏਸ਼ਨ ਸੰਗਰੂਰ ਮਸਤੂਆਣਾ ਸਾਹਿਬ ਵਿੱਚ 5 ਕਿਲੋਮੀਟਰ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।
ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਲੁਧਿਆਣਾ ਵਿੱਚ 400 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਚੰਡੀਗੜ੍ਹ ਵਿੱਚ ਹੋਈ 42ਵੀਂ ਚੰਡੀਗੜ੍ਹ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ 18 ਦਸੰਬਰ 2022 ਨੂੰ ਸਪੋਰਟਸ ਕੰਪਲੈਕਸ ਸੈਕਟਰ 46 ਵਿੱਚ 1500 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸ ਤੋਂ ਇਲਾਵਾ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਦਰੋਣਾਚਾਰੀਆ ਸਟੇਡੀਅਮ ਵਿਖੇ ਹੋਈ ਚੌਥੀ ਨੈਸ਼ਨਲ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ 2023 ਵਿੱਚ 1500 ਰੇਸ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਗੋਲਡ ਮੈਡਲ ਅਤੇ 800 ਮੀਟਰ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤੇ। ਜੈਤੋ ਜ਼ਿਲ੍ਹਾ ਫਰੀਦਕੋਟ ਵਿਖੇ ਹੋਈ ਪਹਿਲੀ ਪੰਜਾਬ ਵੈਟਰਨ ਅਥਲੈਟਿਕਸ ਚੈਂਪੀਅਨਸ਼ਿਪ ਮਿਤੀ 5 ਮਾਰਚ 2023 ਨੂੰ 1500 ਮੀਟਰ ਰੇਸ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਅਤੇ 800 ਮੀਟਰ ਵਿੱਚ ਵੀ ਸੋਨ ਤਗਮਾ ਜਿੱਤਣ ਵਿੱਚ ਸਫਲ ਹੋਇਆ।