Ludhiana News: ਪੰਜਾਬ ਵਿੱਚ ਸ਼ਹੀਦਾਂ ਦੀ ਵਿਰਾਸਤ ਨੂੰ ਨਹੀਂ ਸੰਭਾਲਿਆ ਜਾ ਰਿਹਾ। ਹਰ ਸਰਕਾਰ ਵਾਅਦੇ ਤਾਂ ਕਰਦੀ ਹੈ ਪਰ ਉਸ ਨੂੰ ਅਮਲੀ ਜਾਮਾ ਨਹੀਂ ਪਹਿਣਾਇਆ ਜਾ ਰਿਹਾ। ਇਹ ਦੀ ਮਿਸਾਲ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਰਾਜਗੁਰੂ ਦੇ ਸਾਥੀ ਸ਼ਹੀਦ ਸੁਖਦੇਵ ਥਾਪਰ ਦਾ ਲੁਧਿਆਣਾ ਸਥਿਤ ਜੱਦੀ ਘਰ ਹੈ। ਇਹ ਵਿਰਾਸਤੀ ਜਗ੍ਹਾ ਸਿਆਸੀ ਆਗੂਆਂ ਦੀ ਅਣਦੇਖੀ ਦੀ ਭੇਟ ਚੜ੍ਹ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਸ਼ਹੀਦਾਂ ਦੇ ਨਾਂ ਉੱਪਰ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਵੀ ਅਜੇ ਤੱਕ ਕੁਝ ਨਹੀਂ ਕੀਤਾ।


ਦਰਅਸਲ ਪੰਜਾਬ ਦੀ ਸੱਤਾ ਉੱਪਰ ਕਾਬਜ਼ ਆਮ ਆਦਮੀ ਪਾਰਟੀ ਅਕਸਰ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਨਾਲ ਫਾਂਸੀ ਦਾ ਰੱਸਾ ਚੁੰਮਣ ਵਾਲੇ ਰਾਜਗੁਰੂ ਤੇ ਸੁਖਦੇਵ ਦੇ ਨਾਂ ਉੱਪਰ ਸਿਆਸਤ ਕਰਦੀ ਹੈ। ਭਗਵੰਤ ਮਾਨ ਸਰਕਾਰ ਵੱਲੋਂ ਅਕਸਰ ਸ਼ਹੀਦਾਂ ਦੇ ਨਾਂ ਉੱਪਰ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਅਸਲੀਅਤ ਕੁਝ ਵੱਖਰੀ ਨਜ਼ਰ ਆ ਰਹੀ ਹੈ। 'ਆਪ' ਸਰਕਾਰ ਆਉਣ ਮਗਰੋਂ ਵੀ ਸ਼ਹੀਦਾਂ ਦੀ ਵਿਰਾਸਤ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।



ਤਾਜ਼ਾ ਜਾਣਕਾਰੀ ਮੁਤਾਬਕ ਸ਼ਹੀਦ ਸੁਖਦੇਵ ਥਾਪਰ ਦਾ ਲੁਧਿਆਣਾ ਸਥਿਤ ਜੱਦੀ ਘਰ ਸਿਆਸੀ ਆਗੂਆਂ ਦੀ ਅਣਦੇਖੀ ਦੀ ਭੇਟ ਚੜ੍ਹ ਰਿਹਾ ਹੈ। ਲੁਧਿਆਣਾ ਸਥਿਤ ਨੌਘਰਾਂ ਮੁਹੱਲੇ ਵਿੱਚ 15 ਮਈ, 1907 ਵਿੱਚ ਸੁਖਦੇਵ ਥਾਪਰ ਦਾ ਜਨਮ ਹੋਇਆ ਸੀ। ਉਨ੍ਹਾਂ ਦੇ ਘਰ ਨੂੰ ਜਾਣ ਲਈ ਹੁਣ ਤਕ ਸਿੱਧਾ ਰਸਤਾ ਹੀ ਨਹੀਂ ਹੈ। ਜਿਹੜੀ ਗਲੀ ਸ਼ਹੀਦ ਥਾਪਰ ਦੇ ਜੱਦੀ ਘਰ ਨੂੰ ਜਾਂਦੀ ਹੈ, ਉੱਥੇ ਸਿਰਫ਼ ਦੁਪਹੀਆ ਵਾਹਨ ਹੀ ਅੰਦਰ ਜਾ ਸਕਦਾ ਹੈ। ਇਸ ਥਾਂ ’ਤੇ ਦੂਰੋਂ-ਦੂਰੋਂ ਲੋਕ ਆਉਂਦੇ ਹਨ, ਪਰ ਇੱਥੇ ਪਹੁੰਚਣਾ ਹੀ ਆਪਣੇ ਆਪ ਵਿੱਚ ਬਹੁਤ ਵੱਡਾ ਕੰਮ ਹੈ। ਇਸ ਦੇ ਨਾਲ ਹੀ 70 ਗਜ਼ ਦੇ ਘਰ ਦਾ ਥੱਲੇ ਵਾਲਾ ਹਿੱਸਾ ਥਾਪਰ ਟਰੱਸਟ ਕੋਲ ਹੈ ਤੇ ਉਪਰ ਦੋ ਮੰਜ਼ਲਾਂ ’ਤੇ ਕਿਸੇ ਨੇ ਕਬਜ਼ਾ ਕੀਤਾ ਹੋਇਆ ਹੈ। 



ਹਾਸਲ ਜਾਣਕਾਰੀ ਮੁਤਾਬਕ ਜੱਦੀ ਘਰ ਦੇ ਬਾਹਰ ਲੱਗਿਆ ਸ਼ਹੀਦ ਸੁਖਦੇਵ ਥਾਪਰ ਦਾ ਬੁੱਤ ਵੀ ਟਰੱਸਟ ਦੇ ਮੈਂਬਰਾਂ ਤੇ ਆਸ ਪਾਸ ਦੇ ਲੋਕਾਂ ਨੇ ਖੁਦ ਪੈਸੇ ਇਕੱਠੇ ਕਰਕੇ ਲਵਾਇਆ ਸੀ। ਸਮੇਂ-ਸਮੇਂ ਦੀਆਂ ਸਾਰੀਆਂ ਹੀ ਸਰਕਾਰਾਂ ਨੇ ਸ਼ਹੀਦ ਥਾਪਰ ਦੇ ਘਰ ਨੂੰ ਸਿੱਧਾ ਰਸਤਾ ਦੇਣ ਦਾ ਵਾਅਦਾ ਕੀਤਾ ਸੀ ਜੋ ਸਿਰਫ਼ ਕਾਗਜ਼ਾਂ ਵਿੱਚ ਹੀ ਚੱਲ ਰਿਹਾ ਹੈ। 55 ਗਜ਼ ਥਾਂ ਐਕੁਆਇਰ ਕਰਨ ਲਈ 10 ਸਾਲ ਤੋਂ ਵੱਧ ਦਾ ਸਮਾਂ ਹੁਣ ਤੱਕ ਲੱਗ ਚੁੱਕਿਆ ਹੈ।



ਇਸ ਬਾਰੇ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਤੇ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਦੱਸਿਆ ਕਿ 2011 ਵਿੱਚ ਟਰੱਸਟ ਦੀ ਮੰਗ ’ਤੇ ਸਰਕਾਰ ਨੇ ਸਿੱਧਾ ਰਸਤਾ ਦੇਣ ਦੀ ਮੰਗ ਨੂੰ ਸਵੀਕਾਰ ਕੀਤਾ ਸੀ। ਉਸ ਵੇਲੇ ਤੋਂ ਹੁਣ ਤੱਕ ਤਿੰਨ ਸਰਕਾਰਾਂ ਬਦਲਣ ਦੇ ਬਾਵਜੂਦ ਇਹ ਵਾਅਦਾ ਸਿਰਫ਼ ਕਾਗਜ਼ਾਂ ਵਿੱਚ ਹੀ ਚੱਲ ਰਿਹਾ ਹੈ। ਅਸ਼ੋਕ ਥਾਪਰ ਨੇ ਦੱਸਿਆ ਕਿ 2011 ਵਿੱਚ ਉਦੋਂ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਅਨਿਲ ਜੋਸ਼ੀ ਨੇ ਸਿੱਧਾ ਰਸਤਾ ਦੇਣ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਇਹ ਕੰਮ ਲਗਾਤਾਰ ਲਟਕਦਾ ਆ ਰਿਹਾ ਹੈ। 


ਟਰੱਸਟ ਮੈਂਬਰ ਤ੍ਰਿਭੂਵਨ ਥਾਪਰ ਦਾ ਕਹਿਣਾ ਹੈ ਕਿ ਉਹ ਹਰ ਵਾਰ ਮਈ ਮਹੀਨੇ ਵਿੱਚ ਜਨਮ ਦਿਹਾੜਾ ਮਨਾਉਣ ਤੋਂ ਪਹਿਲਾਂ ਸੋਚਦੇ ਹਨ ਕਿ ਇਸ ਵਾਰ ਸ਼ਹੀਦ ਦੇ ਘਰ ਨੂੰ ਸਿੱਧਾ ਰਸਤਾ ਮਿਲ ਜਾਵੇਗਾ ਪਰ ਹਰ ਵਾਰ ਪਹਿਲਾਂ ਵਰਗੇ ਹੀ ਹਾਲਾਤ ਰਹਿੰਦੇ ਹਨ। 



ਟਰੱਸਟ ਪ੍ਰਧਾਨ ਅਸ਼ੋਕ ਥਾਪਰ ਨੇ ਦੱਸਿਆ ਕਿ 15 ਮਈ 1907 ਨੂੰ ਸੁਖਦੇਵ ਥਾਪਰ ਦਾ ਜਨਮ ਮਾਤਾ ਰੱਲੀ ਦੇਵੀ ਤੇ ਪਿਤਾ ਰਾਮ ਲਾਲ ਦੇ ਘਰ ਹੋਇਆ ਸੀ। 1911 ਵਿੱਚ ਸੁਖਦੇਵ ਦੇ ਪਿਤਾ ਰਾਮ ਲਾਲ ਦਾ ਦੇਹਾਂਤ ਹੋ ਗਿਆ ਤੇ ਇੱਕ ਸਾਲ ਬਾਅਦ ਹੀ 1912 ਵਿੱਚ ਸੁਖਦੇਵ ਲਾਹੌਰ ਆਪਣੇ ਤਾਏ ਦੇ ਘਰ ਚਲੇ ਗਏ। 1927 ਤੱਕ ਸੁਖਦੇਵ ਥਾਪਰ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਇੱਥੇ ਆਉਂਦੇ ਰਹੇ ਪਰ ਉਸ ਤੋਂ ਬਾਅਦ ਇਸ ਘਰ ਦੀ ਦੇਖਭਾਲ ਸੂਦ ਪਰਿਵਾਰ ਨੂੰ ਦੇ ਦਿੱਤੀ ਗਈ ਤੇ 2007 ਵਿੱਚ ਇਸ ਘਰ ਤੋਂ ਸੂਦ ਪਰਿਵਾਰ ਦਾ ਕਬਜ਼ਾ ਹਟਾਇਆ ਗਿਆ ਤੇ ਫਿਰ ਤੋਂ ਇਸ ਘਰ ਦਾ ਗਰਾਊਂਡ ਫਲੋਰ ਟਰੱਸਟ ਕੋਲ ਆ ਗਿਆ। ਉਦੋਂ ਤੋਂ ਹੀ ਸ਼ਹੀਦ ਥਾਪਰ ਦੇ ਇਸ ਜੱਦੀ ਘਰ ਦੀ ਸਾਰ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੇ ਨਹੀਂ ਲਈ।


2017 ਵਿੱਚ ਉਦੋਂ ਦੀ ਕੈਪਟਨ ਸਰਕਾਰ ਨੇ ਵੀ ਸ਼ਹੀਦ ਥਾਪਰ ਦੇ ਘਰ ਦੀ ਦਿੱਖ ਸੰਵਾਰਨ ਲਈ ਇੱਕ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ ਪਰ 2021 ਤੱਕ ਸਰਕਾਰ ਨੇ ਇੱਕ ਰੁਪਇਆ ਵੀ ਜਾਰੀ ਨਹੀਂ ਕੀਤਾ। ਜਦੋਂ ਵਿਰੋਧ ਹੋਇਆ ਤਾਂ 50 ਲੱਖ ਰੁਪਏ ਜਾਰੀ ਹੋਏ ਜਿਸ ਨਾਲ ਹੁਣ ਸ਼ਹੀਦ ਥਾਪਰ ਦੇ ਘਰ ਦੇ ਬਾਹਰੋਂ ਮੁਰੰਮਤ ਕਰਵਾਈ ਗਈ।