Ludhiana News: ਉੱਘੇ ਸਾਹਿਤਕਾਰ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਦਾ ਵੀਰਵਾਰ ਨੂੰ ਲੁਧਿਆਣਾ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਤੁਰ ਜਾਣ ਨਾਲ ਸਾਹਿਤਕ ਅਤੇ ਸਿੱਖਿਆ ਖੇਤਰ ਨਾਲ ਜੁੜੀਆਂ ਸ਼ਖ਼ੀਅਤਾਂ ਵਿੱਚ ਸੋਗ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬੀਆਰਐਸ ਨਗਰ ਦੇ ਸੁਨੇਤ ਸ਼ਮਸ਼ਾਨਘਾਟ ਵਿੱਚ ਸ਼ਾਮ 5 ਵਜੇ ਕੀਤਾ ਜਾਵੇਗਾ।
ਦੱਸ ਦਈਏ ਕਿ ਜੀਐਨਡੀਯੂ ਦੇ ਵਾਈਸ ਚਾਂਸਲਰ ਤੇ ਗੁਰੂ ਨਾਨਕ ਖਾਲਸਾ ਵਿਦਿਅਕ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਨੇ ਆਪਣਾ ਅਧਿਆਪਨ ਦਾ ਸਫ਼ਰ ਫਗਵਾੜਾ ਦੇ ਰਾਮਗੜ੍ਹੀਆ ਕਾਲਜ ਤੋਂ ਸ਼ੁਰੂ ਕੀਤਾ ਸੀ। ਇਸ ਮਗਰੋਂ ਉਹ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਵਿੱਚ ਇਤਿਹਾਸ ਦੇ ਪ੍ਰੋਫੈਸਰ ਲੱਗੇ। ਇਸ ਤੋਂ ਇਲਾਵਾ ਉਹ ਲੁਧਿਆਣਾ ਦੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰਿੰਸੀਪਲ ਵੀ ਰਹਿ ਚੁੱਕੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਟਵੀਟ ਕਰਕੇ ਪ੍ਰੋ. ਕਪੂਰ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੀਐਮ ਮਾਨ ਨੇ ਕਿਹਾ ਕਿ ਪ੍ਰੋ. ਕਪੂਰ ਨੇ ਸਿੱਖ ਕੌਮ ਦਾ ਇਤਿਹਾਸ ਆਪਣੀ ਕਲਮ ਰਾਹੀਂ ਅਨੇਕਾਂ ਕਿਤਾਬਾਂ ਵਿੱਚ ਕਲਮਬੱਧ ਕੀਤਾ।
ਸੀਐਮ ਮਾਨ ਨੇ ਟਵੀਟ ਕਰਦਿਆ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਪ੍ਰਿਥੀਪਾਲ ਸਿੰਘ ਕਪੂਰ ਜੀ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਦੁੱਖ ਹੋਇਆ…ਪੰਜਾਬ ਤੇ ਸਿੱਖ ਕੌਮ ਦਾ ਵਿਲੱਖਣ ਇਤਿਹਾਸ ਕਪੂਰ ਸਾਬ੍ਹ ਨੇ ਆਪਣੀ ਕਲਮ ਰਾਹੀਂ ਅਨੇਕਾਂ ਕਿਤਾਬਾਂ 'ਚ ਕਲਮਬੱਧ ਕੀਤਾ…ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਵਿੱਛੜੀ ਰੂਹ ਨੂੰ ਚਰਨਾਂ 'ਚ ਥਾਂ ਦੇਣ ਤੇ ਪਰਿਵਾਰ ਸਮੇਤ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ਣ…।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪ੍ਰੋ. ਕਪੂਰ ਦੇ ਦੇਹਾਂਤ ’ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਕਪੂਰ ਦੀ ਮੌਤ ਨਾਲ ਪੰਜਾਬ ਇਤਿਹਾਸ ਦੇ ਟਕਸਾਲੀ ਗਿਆਤਾ ਤੋਂ ਸੱਖਣਾ ਹੋ ਗਿਆ ਹੈ। ਉਹ ਪੰਜਾਬੀ ਸਾਹਿਤ ਅਕਾਡਮੀ ਤੋਂ ਇਲਾਵਾ ਕਈ ਹੋਰ ਪ੍ਰਮੁੱਖ ਸੰਸਥਾਵਾਂ ਦੇ ਜੀਵਨ ਮੈਂਬਰ ਸਨ।