Ludhiana News: ਡੇਅਰੀ ਮਾਲਕਾਂ ਖਿਲਾਫ ਸ਼ਿਕੰਜਾ ਕੱਸਿਆ ਗਿਆ ਹੈ। ਲੁਧਿਆਣਾ ਨਗਰ ਨਿਗਮ ਵੱਲੋਂ ਸੀਵਰੇਜ ਜਾਂ ਖੁੱਲ੍ਹੀਆਂ ਥਾਵਾਂ ’ਤੇ ਗੋਹਾ ਸੁੱਟਣ ਵਾਲੇ ਡੇਅਰੀ ਮਾਲਕਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਸੋਮਵਾਰ ਨਿਗਮ ਦੀਆਂ ਟੀਮਾਂ ਨੇ 18 ਡੇਅਰੀ ਮਾਲਕਾਂ ਵਿਰੁੱਧ 5-5 ਹਜ਼ਾਰ ਰੁਪਏ ਦੇ ਚਲਾਨ ਕੀਤੇ। ਪਸ਼ੂਆਂ ਦਾ ਗੋਹਾ ਬੁੱਢੇ ਨਾਲੇ ਵਿੱਚ ਸੁੱਟਣ ਤੋਂ ਰੋਕਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਨਿਗਮ ਵੱਲੋਂ ਸ਼ਨਿੱਚਰਵਾਰ ਵੀ 16 ਡੇਅਰੀ ਮਾਲਕਾਂ ਦੇ ਚਲਾਨ ਕੀਤੇ ਸਨ। 


ਦੱਸ ਦਈਏ ਕਿ ਪ੍ਰਦੂਸ਼ਿਤ ਹੋ ਚੁੱਕੇ ਬੁੱਢੇ ਨਾਲੇ ਨੂੰ ‘ਬੁੱਢਾ ਦਰਿਆ ਕਾਇਆਕਲਪ’ ਪ੍ਰਾਜੈਕਟ ਤਹਿਤ ਸਾਫ਼ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਨਿਗਮ ਨੇ ਬੁੱਢੇ ਨਾਲੇ ਵਿੱਚ ਡੇਅਰੀਆਂ ਦੀ ਰਹਿੰਦ-ਖੂੰਹਦ ਸੁੱਟਣ ਵਾਲੇ ਮਾਲਕਾਂ ਵਿਰੁੱਧ ਮੁਹਿੰਮ ਤੇਜ਼ ਕਰ ਦਿੱਤੀ ਹੈ। ਕਈ ਡੇਅਰੀ ਮਾਲਕਾਂ ਦੇ ਚਲਾਨ ਕੀਤੇ ਗਏ ਹਨ। 



ਨਿਗਮ ਵੱਲੋਂ ਬੱਲੋਕੇ ਸੀਵਰ ਟ੍ਰੀਟਮੈਂਟ ਪਲਾਟ ਵਿੱਚ ਪਸ਼ੂਆਂ ਦਾ ਗੋਹਾ ਡੰਪ ਕਰਨ ਲਈ ਚਾਰ ਏਕੜ ਜ਼ਮੀਨ ਤੈਅ ਕੀਤੀ ਹੋਈ ਹੈ ਜਦਕਿ ਹੈਬੋਵਾਲ ਡੇਅਰੀ ਕੰਪਲੈਕਸ ਦੇ ਕਈ ਡੇਅਰੀ ਮਾਲਕਾਂ ਵੱਲੋਂ ਸੀਵਰੇਜ ਵਿੱਚ ਹੀ ਗੋਹਾ ਰੋੜਿਆ ਜਾ ਰਿਹਾ ਹੈ। ਇਨ੍ਹਾਂ ਡੇਅਰੀ ਮਾਲਕਾਂ ਨੂੰ ਗੋਹਾ ਉਕਤ ਟ੍ਰੀਟਮੈਂਟ ਪਲਾਟ ’ਤੇ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸ਼ੁਰੂਆਤੀ ਦੌਰ ਵਿੱਚ ਨਿਗਮ ਨੇ ਗੋਹੇ ਦੀ ਢੋਆ-ਢੁਆਈ ਲਈ ਆਪਣੀ ਮਸ਼ੀਨਰੀ ਤਾਇਨਾਤ ਕਰ ਦਿੱਤੀ ਹੈ ਜਦਕਿ ਬਾਅਦ ’ਚ ਡੇਅਰੀ ਮਾਲਕਾਂ ਨੂੰ ਆਪਣੇ ਪੱਧਰ ’ਤੇ ਗੋਹਾ ਉਕਤ ਟ੍ਰੀਟਮੈਂਟ ਪਲਾਟ ਤੇ ਸੁੱਟਣਾ ਹੋਵੇਗਾ। 


ਇਸੇ ਤਰ੍ਹਾਂ ਐਸਟੀਪੀ ਸਾਈਟ ’ਤੇ ਇਕੱਠੇ ਹੋਏ ਗੋਹੇ ਦੇ ਨਿਪਟਾਰੇ ਲਈ ਵੀ ਡੇਅਰੀ ਮਾਲਕਾਂ ਨੂੰ ਪ੍ਰਬੰਧ ਕਰਨੇ ਪੈਣਗੇ। ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੇਅਰੀ ਕੰਪਲੈਕਸ ਵਿੱਚ 200 ਮੀਟਰਕ ਟਨ ਸਮਰੱਥਾ ਵਾਲਾ ਬਾਇਓ ਗੈਸ ਪਲਾਂਟ ਪਹਿਲਾਂ ਹੀ ਕੰਮ ਕਰ ਰਿਹਾ ਹੈ ਜਿੱਥੇ ਪਸ਼ੂਆਂ ਦੇ ਗੋਹੇ ਦੀ ਵਰਤੋਂ ਬਾਇਓ-ਗੈਸ ਬਣਾਉਣ ਲਈ ਕੀਤੀ ਜਾਂਦੀ ਹੈ।



ਹੈਬੋਵਾਲ ਡੇਅਰੀ ਕੰਪਲੈਕਸ ਵਿੱਚ ਹੋਰ ਵਾਧੂ ਗੋਹੇ ਨੂੰ ਪੰਜਾਬ ਊਰਜਾ ਵਿਕਾਸ ਏਜੰਸੀ ਵੱਲੋਂ ਡੇਅਰੀ ਕੰਪਲੈਕਸ ਵਿੱਚ ਹੀ ਇੱਕ ਹੋਰ ਪਲਾਂਟ ਲਾਇਆ ਜਾ ਰਿਹਾ ਹੈ। ਜਦੋਂ ਤੱਕ ਉਹ ਪਲਾਂਟ ਚਾਲੂ ਨਹੀਂ ਹੁੰਦਾ, ਡੇਅਰੀ ਮਾਲਕਾਂ ਨੂੰ ਗੋਹਾ ਨਿਰਧਾਰਤ ਟ੍ਰੀਟਮੈਂਟ ਪਲਾਂਟ ’ਤੇ ਹੀ ਸੁੱਟਣਾ ਹੋਵੇਗਾ। ਨਗਰ ਨਿਗਮ ਦੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦਾ ਕਹਿਣਾ ਹੈ ਕਿ ਜੇਕਰ ਕੋਈ ਡੇਅਰੀ ਵਾਲਾ ਗੋਹਾ ਸੀਵਰੇਜ ਰਾਹੀਂ ਸੁੱਟਦਾ ਫੜਿਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।