Ludhiana News : ਖੰਨਾ 'ਚ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਇਸ ਗਰੋਹ ਦੇ 4 ਮੈਂਬਰਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਇਨ੍ਹਾਂ ਵਿੱਚ 1 ਵਕੀਲ, 1 ਲਾਅ ਵਿਦਿਆਰਥੀ, 1 ਬੀਬੀਏ ਵਿਦਿਆਰਥੀ ਸ਼ਾਮਲ ਹਨ। ਮੁੱਢਲੀ ਤਫਤੀਸ਼ ਦੌਰਾਨ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਆਇੰਟ 32 ਬੋਰ ਦਾ 1 ਪਿਸਤੌਲ, 2 ਮੈਗਜ਼ੀਨ, 13 ਕਾਰਤੂਸ, ਪੁਆਇੰਟ 315 ਬੋਰ ਦਾ 1 ਦੇਸੀ ਕੱਟਾ, 6 ਕਾਰਤੂਸ ਤੋਂ ਇਲਾਵਾ 2 ਕਾਰਾਂ ਬਰਾਮਦ ਕੀਤੀਆਂ ਗਈਆਂ।



ਮੁਲਜ਼ਮਾਂ ਦੀ ਪਛਾਣ ਮੇਰਠ ਦੇ ਹਾਪੜ ਨਗਰ ਦੇ ਰਹਿਣ ਵਾਲੇ 24 ਸਾਲਾ ਪ੍ਰਸ਼ਾਂਤ, 22 ਸਾਲਾ ਕ੍ਰਿਸ ਲਾਰੈਂਸ, ਸਦਰ ਬਾਜ਼ਾਰ ਮੇਰਠ ਕੈਂਟ ਦੇ ਰਹਿਣ ਵਾਲੇ ਆਰਜੇ ਰੂਪਕ ਜੋਸ਼ੀ (21) ਅਤੇ ਪੱਖੋਵਾਲ ਰੋਡ ਲੁਧਿਆਣਾ ਦੇ ਰਹਿਣ ਵਾਲੇ ਕਰਮਬੀਰ ਸਿੰਘ (32) ਵਜੋਂ ਹੋਈ। ਖੰਨਾ ਦੀ ਐਸਪੀ (ਇਨਵੈਸਟੀਗੇਸ਼ਨ) ਡਾ.ਪ੍ਰਗਿਆ ਜੈਨ ਨੇ ਦੱਸਿਆ ਕਿ ਐਸਐਸਪੀ ਅਮਨੀਤ ਕੌਂਡਲ ਦੀਆਂ ਹਦਾਇਤਾਂ ਅਨੁਸਾਰ ਸੀਆਈਏ ਸਟਾਫ਼ ਦੀ ਟੀਮ ਨੇ ਅਪਰਾਧਿਕ ਅਨਸਰਾਂ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਜੀਟੀ ਰੋਡ ਦੋਰਾਹਾ ਸਥਿਤ ਪਨਸਪ ਗੋਦਾਮ ਨੇੜੇ ਨਾਕਾਬੰਦੀ ਕੀਤੀ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪ੍ਰਸ਼ਾਂਤ ਕੌਰਾ ਤੇ ਕ੍ਰਿਸ ਲਾਰੈਂਸ ਜੋ ਕਿ ਮੇਰਠ ਦੇ ਰਹਿਣ ਵਾਲੇ ਹਨ, ਪੰਜਾਬ 'ਚ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਦੇ ਹਨ। ਇਨ੍ਹਾਂ ਦੋਵਾਂ ਨੇ ਕੁਝ ਦਿਨ ਪਹਿਲਾਂ 1 ਪਿਸਤੌਲ ਲੁਧਿਆਣਾ ਦੇ ਕਰਮਬੀਰ ਸਿੰਘ ਨੂੰ ਦਿੱਤਾ ਸੀ। ਦੋਵੇਂ ਮੈਗਜ਼ੀਨ ਤੇ ਕਾਰਤੂਸ ਦੇਣ ਲਈ ਲੁਧਿਆਣਾ ਕਰਮਬੀਰ ਕੋਲ ਜਾ ਰਹੇ ਸਨ। ਨਾਕਾਬੰਦੀ ਦੌਰਾਨ ਯੂਪੀ ਨੰਬਰ ਵਾਲੀ ਟਾਟਾ ਨੈਕਸਨ ਕਾਰ ਨੂੰ ਰੋਕਦੇ ਹੋਏ ਪ੍ਰਸ਼ਾਂਤ ਅਤੇ ਕ੍ਰਿਸ਼ ਨੂੰ ਕਾਬੂ ਕੀਤਾ ਗਿਆ।



ਦੋਵਾਂ ਕੋਲੋਂ 2 ਮੈਗਜ਼ੀਨ ਅਤੇ 13 ਕਾਰਤੂਸ ਬਰਾਮਦ ਹੋਏ। ਉਹਨਾਂ ਦੀ ਨਿਸ਼ਾਨਦੇਹੀ 'ਤੇ ਕਰਮਬੀਰ ਦੀ ਓਪਟਰਾ ਕਾਰ 'ਚੋਂ ਪਿਸਤੌਲ ਬਰਾਮਦ ਕਰਕੇ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਆਰਕੇ ਰੂਪਕ ਜੋਸ਼ੀ ਤੋਂ ਹਥਿਆਰ ਲੈ ਕੇ ਆਏ ਸਨ। ਇਸ ਤੋਂ ਬਾਅਦ ਰੂਪਕ ਜੋਸ਼ੀ ਨੂੰ ਨਾਮਜ਼ਦ ਕਰਕੇ ਮੇਰਠ ਤੋਂ ਗ੍ਰਿਫਤਾਰ ਕੀਤਾ ਗਿਆ। ਜਿਸ ਕੋਲੋਂ 1 ਦੇਸੀ ਕੱਟਾ ਅਤੇ 6 ਕਾਰਤੂਸ ਬਰਾਮਦ ਹੋਏ। ਇਸ ਗਰੋਹ ਦੇ ਦੋ ਮੈਂਬਰ ਕਾਨੂੰਨ ਦੀ ਪੜ੍ਹਾਈ ਕਰਦਿਆਂ ਕ੍ਰਿਮੀਨਲ ਬਣ ਗਏ। ਤੀਜਾ ਸਾਥੀ ਬੀਬੀਏ ਦਾ ਵਿਦਿਆਰਥੀ ਹੈ। ਤਿੰਨੋਂ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਕੇ ਸੰਪਰਕ ਵਿੱਚ ਆਏ ਸਨ। ਇਹਨਾਂ ਨੇ ਢਾਬੇ 'ਤੇ ਕੰਮ ਕਰਨ ਵਾਲੇ ਪ੍ਰਸ਼ਾਂਤ ਕੌਰਾ ਨੂੰ ਆਪਣਾ ਸਾਥੀ ਬਣਾ ਲਿਆ। ਕ੍ਰਿਸ ਮੇਰਠ 'ਚ ਲਾਅ ਦੀ ਪੜ੍ਹਾਈ ਕਰਦਾ ਹੈ। ਕਰਮਬੀਰ ਲੁਧਿਆਣਾ ਵਿੱਚ ਐਡਵੋਕੇਟ ਦੀ ਪ੍ਰੈਕਟਿਸ ਕਰਦਾ ਹੈ। ਕਰਮਬੀਰ ਖ਼ਿਲਾਫ਼ ਸਾਲ 2008 ਵਿੱਚ ਲੁਧਿਆਣਾ ਦੇ ਡਿਵੀਜ਼ਨ ਨੰਬਰ 5 ਥਾਣੇ ਵਿੱਚ ਇਰਾਦਾ ਕਤਲ ਦਾ ਕੇਸ ਦਰਜ ਹੈ।