Ludhaiana News: ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਸਮਰਾਲਾ ਦੀ ਪੁਲਿਸ ਨੇ ਇਲਾਕੇ ‘ਚ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਨ ਵਾਲੇ 3 ਤਸਕਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋ 150 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ। 



ਮਹਿੰਗੀਆਂ ਗੱਡੀਆਂ ਨੂੰ ਵੀ ਕਬਜ਼ੇ ਵਿੱਚ ਲਿਆ


ਪੁਲਿਸ ਨੇ ਸ਼ਰਾਬ ਤਸਕਰੀ ਕਰਨ ਲਈ ਵਰਤੋਂ ‘ਚ ਲਿਆਂਦੀਆਂ ਜਾ ਰਹੀਆਂ ਸਕਾਰਪਿਓ ਅਤੇ ਹੋਡਾ ਸਿਟੀ ਵਰਗੀਆਂ ਮਹਿੰਗੀਆਂ ਗੱਡੀਆਂ ਨੂੰ ਵੀ ਕਬਜ਼ੇ ਵਿਚ ਲਿਆ ਹੈ। ਪ੍ਰੈਸ ਕਾਨਫਰੰਸ ਕਰਦੇ ਹੋਏ ਡੀ.ਐੱਸ.ਪੀ. ਸਮਰਾਲਾ ਜਸਪਿੰਦਰ ਸਿੰਘ ਅਤੇ ਐੱਸ.ਐੱਚ.ਓ. ਭਿੰਦਰ ਸਿੰਘ ਨੇ ਦੱਸਿਆ ਕਿ, ਪੁਲਿਸ ਪਾਰਟੀ ਵੱਲੋਂ ਪਿੰਡ ਹੇਡੋਂ ਨੇੜੇ ਇੱਕ ਫੈਮਲੀ ਢਾਬੇ ’ਤੇ ਖੜੇ ਸ਼ਰਾਬ ਤਸਕਰਾਂ ਬਾਰੇ ਜਾਣਕਾਰੀ ਮਿਲਣ ’ਤੇ ਤੁਰੰਤ ਰੇਡ ਕਰਦੇ ਹੋਏ ਉੱਥੇ ਖੜੀ ਸਕਾਰਪਿਓ ਵਿਚੋਂ 45 ਪੇਟੀਆਂ ਅੰਗਰੇਜੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ।


ਇਹ ਸ਼ਰਾਬ ਸਿਰਫ ਚੰਡੀਗੜ੍ਹ 'ਚ ਹੀ ਵਿਕਰੀ ਲਈ ਸੀ ਅਤੇ ਸਸਤੀ ਹੋਣ ਕਰਕੇ ਇਸ ਨੂੰ ਹਰਦੀਪ ਸਿੰਘ ਵਾਸੀ ਪਿੰਡ ਫਤਿਹਗੜ ਕੋਰੋਟਾਣਾ (ਮੋਗਾ) ਅਤੇ ਭਿੰਦਾ ਵਾਸੀ ਬਾਜਾਖਾਣਾ (ਫਰੀਦਕੋਟ) ਤਸਕਰੀ ਕਰਕੇ ਪੰਜਾਬ ਵਿਚ ਮਹਿੰਗੇ ਭਾਅ ’ਤੇ ਅੱਗੇ ਸਪਲਾਈ ਕਰਨ ਲਈ ਲਿਆਏ ਸਨ। ਪੁਲਿਸ ਨੇ ਹਰਦੀਪ ਸਿੰਘ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ ਹੈ, ਜਦਕਿ ਭਿੰਦਾ ਵਾਸੀ ਬਾਜਾਖਾਣਾ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ।


ਪੁਲਿਸ ਨੇ ਸ਼ਰਾਬ ਨਾਲ ਭਰੀ ਹੋਡਾ ਸਿਟੀ ਕਾਰ ਸਮਰਾਲਾ ਵੱਲਾ ਆਉਣ ਦੀ ਇਤਲਾਹ ਮਿਲਣ ’ਤੇ ਇਸ ਗੱਡੀ ਨੂੰ ਘੇਰਦੇ ਹੋਏ ਉਸ ਵਿਚੋਂ ਵੀ ਚੰਡੀਗੜ੍ਹ ਦੀ ਸ਼ਰਾਬ ਦੀਆਂ 65 ਪੇਟੀਆਂ ਬਰਾਮਦ ਕੀਤੀਆਂ ਹਨ। ਇਸ ਕਾਰ ਵਿਚ ਸਵਾਰ 2 ਵਿਅਕਤੀਆਂ ਮਨਜਿੰਦਰ ਸਿੰਘ ਵਾਸੀ ਪਿੰਡ ਕਾਊਂਕੇ ਕਲਾ (ਜਗਰਾਓ) ਅਤੇ ਲਵਕਰਨ ਸਿੰਘ ਵਾਸੀ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਹੈ। ਇਕ ਹੋਰ ਕਾਰਵਾਈ ’ਚ ਪੁਲਿਸ ਪਾਰਟੀ ਨੇ ਸਮਰਾਲਾ ਨੇੜੇ ਪਿੰਡ ਮੱਲਮਾਜਰਾ ਕੋਲ ਸਵਿਫਟ ਕਾਰ ਵਿਚੋਂ ਵੀ 40 ਪੇਟੀਆਂ ਅੰਗਰੇਜੀ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕਰਕੇ ਉਸ ਦੇ ਚਾਲਕ ਲਵਪ੍ਰੀਤ ਸਿੰਘ ਵਾਸੀ ਪਿੰਡ ਕੋਠੇ ਫਤਿਹਦੀਨ (ਜਗਰਾਓ) ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਉਸ ਦੇ ਇੱਕ ਹੋਰ ਸਾਥੀ ਕਮਲ ਵਾਸੀ ਪਿੰਡ ਕਾਊਂਕੇ ਕਲਾ (ਜਗਰਾਓ) ਨੂੰ ਨਾਮਜ਼ਦ ਕੀਤਾ ਗਿਆ ਹੈ।


ਥਾਣਾ ਮੁਖੀ ਭਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਫੈਸਟੀਵਲ ਸੀਜ਼ਨ ਨੂੰ ਲੈਕੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਸੀ ਜੋ ਆਉਣ ਵਾਲੇ ਦਿਨਾਂ ‘ਚ ਵੀ ਨਿਰੰਤਰ ਜਾਰੀ ਰਹੇਗੀ ਤੇ ਇਲਾਕੇ ‘ਚ ਅਮਨ ਸ਼ਾਂਤੀ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ।