Ludhiana News: ਲੁਧਿਆਣਾ ਦੇ ਸਲੇਮ ਟਾਬਰੀ ਦੇ ਨਿਊ ਜਨਕਪੁਰੀ ਇਲਾਕੇ ’ਚ ਹੋਏ ਬੀਤੇ ਦਿਨ ਤੀਹਰੇ ਕਤਲ ਕਾਂਡ ਦੀ ਗੁੱਥੀ ਲੁਧਿਆਣਾ ਪੁਲਿਸ ਨੇ ਸੁਲਝਾ ਲਈ ਹੈ। ਬਜ਼ੁਰਗਾਂ ਦੀ ਹੱਤਿਆ ਉਨ੍ਹਾਂ ਦੇ ਗੁਆਂਢੀ ਨੇ ਕੀਤੀ ਸੀ ਜੋ ਚਮਨ ਲਾਲ ਦੀ ਪਤਨੀ ਸੁਰਿੰਦਰ ਕੌਰ ਦੇ ਰੋਜ਼ਾਨਾ ਦੇ ਤਾਅਨਿਆਂ ਤੋਂ ਪ੍ਰੇਸ਼ਾਨ ਸੀ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਚਮਨ ਲਾਲ ਦੇ ਚਾਰੇ ਲੜਕੇ ਵਿਦੇਸ਼ ’ਚ ਰਹਿੰਦੇ ਹਨ। ਇੱਥੇ ਉਹ ਆਪਣੀ ਪਤਨੀ ਤੇ ਮਾਂ ਨਾਲ ਰਹਿੰਦਾ ਹੈ। ਉਸ ਦੇ ਗੁਆਂਢੀ ਰੌਬਿਨ ਦੇ ਵਿਆਹ ਨੂੰ ਪੰਜ ਸਾਲ ਹੋ ਚੁੱਕੇ ਹਨ ਤੇ ਉਸ ਦੇ ਕੋਈ ਬੱਚਾ ਨਹੀਂ। ਸੁਰਿੰਦਰ ਕੌਰ ਰੌਬਿਨ ਨੂੰ ਅਕਸਰ ਤਾਅਨਾ ਮਾਰਦੀ ਸੀ ਕਿ ਉਸ ਦੇ ਵਿਆਹ ਨੂੰ ਪੰਜ ਸਾਲ ਹੋ ਚੁੱਕੇ ਹਨ, ਉਸ ਦੇ ਕੋਈ ਬੱਚਾ ਕਿਉਂ ਨਹੀਂ।
ਕਈ ਵਾਰ ਸੁਰਿੰਦਰ ਕੌਰ ਉਸ ਦੀ ਪਤਨੀ ਦੇ ਸਾਹਮਣੇ ਵੀ ਉਸ ਨੂੰ ਬੱਚਾ ਨਾ ਹੋਣ ਦਾ ਤਾਅਨਾ ਮਾਰ ਚੁੱਕੀ ਸੀ। ਰੌਬਿਨ ਛੇ ਜੁਲਾਈ ਨੂੰ ਆਪਣੀ ਛੱਤ ’ਤੇ ਖੜ੍ਹਾ ਮੋਬਾਈਲ ’ਤੇ ਵੀਡੀਓ ਦੇਖ ਰਿਹਾ ਸੀ। ਇੰਨੇ ’ਚ ਕਿਸੇ ਕੰਮ ਤੋਂ ਸੁਰਿੰਦਰ ਕੌਰ ਛੱਤ ’ਤੇ ਆ ਗਈ। ਉਸ ਨੇ ਰੌਬਿਨ ਨੂੰ ਕਿਹਾ ਕਿ ਉਹ ਮੋਬਾਈਲ ਫੋਨ ਦੇਖਣ ਦੀ ਥਾਂ ਬੱਚੇ ਬਾਰੇ ਸੋਚੇ। ਇਸ ਤੋਂ ਬਾਅਦ ਸੁਰਿੰਦਰ ਕੌਰ ਨੇ ਰੌਬਿਨ ਨੂੰ ਬੱਚੇ ਲਈ ਕਿਸੇ ਹੋਰ ਦੀ ਮਦਦ ਲੈਣ ਲਈ ਕਿਹਾ।
ਇਸ ਤੋਂ ਗੁੱਸੇ ਵਿੱਚ ਆ ਕੇ ਰੌਬਿਨ ਗੁਆਂਢਣ ਦੀ ਛੱਤ ਰਾਹੀਂ ਉਨ੍ਹਾਂ ਦੇ ਘਰ ਗਿਆ ਜਿੱਥੇ ਉਸ ਨੇ ਸੁਰਿੰਦਰ ਕੌਰ ’ਤੇ ਹਥੌੜੇ ਨਾਲ ਵਾਰ ਕੀਤਾ ਤੇ ਉਦੋਂ ਤਕ ਵਾਰ ਕਰਦਾ ਰਿਹਾ ਜਦ ਤੱਕ ਸੁਰਿੰਦਰ ਕੌਰ ਦੀ ਮੌਤ ਨਹੀਂ ਹੋ ਗਈ। ਸੁਰਿੰਦਰ ਕੌਰ ਦੀਆਂ ਚੀਕਾਂ ਸੁਣ ਕੇ ਚਮਨ ਲਾਲ ਬਾਹਰ ਆ ਗਿਆ ਤਾਂ ਰੌਬਿਨ ਨੇ ਉਸ ਦੀ ਵੀ ਹੱਤਿਆ ਕਰ ਦਿੱਤੀ।
ਇਸ ਦੌਰਾਨ ਬਜ਼ੁਰਗ ਸੁਰਜੀਤ ਕੌਰ ਨੇ ਰੌਬਿਨ ਨੂੰ ਦੇਖ ਲਿਆ ਤਾਂ ਰੌਬਿਨ ਨੇ ਉਸ ਦੀ ਵੀ ਹੱਤਿਆ ਕਰ ਦਿੱਤੀ ਤੇ ਤਿੰਨਾਂ ਦੀਆਂ ਲਾਸ਼ਾਂ ਨੂੰ ਇੱਕ ਕਮਰੇ ’ਚ ਰੱਖਿਆ ਤੇ ਉਸ ਤੋਂ ਬਾਅਦ ਰਸੋਈ ਗੈਸ ਦਾ ਸਿਲੰਡਰ ਖੋਲ੍ਹ ਕੇ ਕਮਰੇ ਬਾਹਰ ਅਗਰਬੱਤੀ ਬਾਲ ਦਿੱਤੀ ਤਾਂ ਜੋ ਸਿਲੰਡਰ ਫਟ ਜਾਵੇ ਤੇ ਧਮਾਕੇ ਨਾਲ ਤਿੰਨਾਂ ਦੀ ਮੌਤ ਹੋਣ ਦੀ ਖਬਰ ਫੈਲ ਜਾਵੇ।
ਸੀਸੀਟੀਵੀ ਕੈਮਰੇ ਦੀ ਫੁਟੇਜ ਵਿਚ ਪਤਾ ਲੱਗਿਆ ਕਿ ਰੌਬਿਨ ਆਪਣੇ ਗੁਆਂਢੀ ਦੇ ਘਰ ਵੱਲ ਪਾਣੀ ਦਾ ਛਿੜਕਾਅ ਕਰ ਰਿਹਾ ਸੀ, ਉਹ ਵੇਖ ਰਿਹਾ ਸੀ ਕਿ ਅੱਗ ਕਿਉਂ ਨਹੀਂ ਲੱਗੀ ਤੇ ਧਮਾਕਾ ਕਿਉਂ ਨਹੀਂ ਹੋਇਆ। ਉਸ ਨੇ ਵਾਰਦਾਤ ਤੋਂ ਬਾਅਦ ਹਥੌੜੇ ਨੂੰ ਪਾਣੀ ਨਾਲ ਧੋ ਕੇ ਤੇ ਸਾਮਾਨ ’ਚ ਰੱਖ ਦਿੱਤਾ। ਬਾਅਦ ’ਚ ਪੁਲਿਸ ਨੇ ਛਾਪੇਮਾਰੀ ਦੌਰਾਨ ਉਕਤ ਹਥੌੜਾ ਬਰਾਮਦ ਕਰ ਲਿਆ। ਜਦੋਂ ਉਸ ਦੀ ਫੋਰੈਂਸਿਕ ਜਾਂਚ ਕਰਵਾਈ ਗਈ ਤਾਂ ਉਸ ’ਤੇ ਖੂਨ ਦੇ ਨਿਸ਼ਾਨ ਮਿਲੇ।