Ludhiana News: ਪੰਜਾਬ ਵਿੱਚ ਕਤਲਾਂ ਦਾ ਸਿਲਸਿਲਾ ਜਾਰੀ ਹੈ। ਹੁਣ ਲੁਧਿਆਣਾ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਮਗਰੋਂ ਤੇਜ਼ਧਾਰ ਹਥਿਆਰਾਂ ਨਾਲ ਇੱਕ ਵੇਟਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਵਿਜੈ ਕੁਮਾਰ ਵਾਸੀ ਪ੍ਰਤਾਪਪੁਰਾ ਵਜੋਂ ਹੋਈ ਹੈ। ਹਾਸਲ ਜਾਣਕਾਰੀ ਮੁਤਾਬਕ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ ਤੇ ਜ਼ਖਮੀ ਵਿਜੈ ਨੂੰ ਉਸ ਦੇ ਦੋਸਤ ਗਣੇਸ਼ ਅਧਿਕਾਰੀ ਨੇ ਹਸਪਤਾਲ ਪਹੁੰਚਾਇਆ, ਪਰ ਉਸ ਦੀ ਮੌਤ ਹੋ ਚੁੱਕੀ ਸੀ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਪੀਏਯੂ ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਜਾਂਚ ਤੋਂ ਬਾਅਦ ਉਤਰਾਖੰਡ ਵਾਸੀ ਗਣੇਸ਼ ਦੀ ਸ਼ਿਕਾਇਤ ’ਤੇ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਅਮੇਠੀ ਵਾਸੀ ਅਰਵਿੰਦ ਸਰੋਜ, ਰਾਹੁਲ ਸਰੋਜ, ਬਿਹਾਰ ਦੇ ਜ਼ਿਲ੍ਹਾ ਕਠਿਆਰ ਵਾਸੀ ਭਰਤ ਕੁਮਾਰ ਵਿਸ਼ਵਾਸ਼, ਵਿਕਾਸ ਕੁਮਾਰ ਤੇ ਚਿਰਾਗ ਖਿਲਾਫ਼ ਕਤਲ ਸਣੇ ਕਈ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਗਣੇਸ਼ ਅਧਿਕਾਰੀ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਹ ਸਾਊਥ ਸਿਟੀ ਇੱਕ ਰੈਸਟੋਰੈਂਟ ’ਚ ਕੰਮ ਕਰਦਾ ਹੈ। 11 ਨਵੰਬਰ ਦੀ ਦੇਰ ਰਾਤ ਨੂੰ ਉਸ ਦੇ ਦੋਸਤ ਗੌਰਵ ਵਸ਼ਿਸ਼ਠ ਦਾ ਫੋਨ ਆਇਆ ਕਿ ਜਨਪਥ ਕੋਲ ਰੈਸਟੋਰੈਂਟ ’ਚ ਕੰਮ ਕਰਨ ਵਾਲੇ ਉਨ੍ਹਾਂ ਦੇ ਹੇਮੰਤ ਤੇ ਮੁੰਨਾ ਦਾ ਆਪਸ ’ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਹੈ। ਉਨ੍ਹਾਂ ਨੂੰ ਉੱਥੇ ਜਾਣਾ ਪਵੇਗਾ।
ਜਦੋਂ ਉਹ ਉੱਥੇ ਗਏ ਤਾਂ ਜਾਂਦੇ ਹੋਏ ਦੋਸਤ ਵਿਜੈ ਨੂੰ ਵੀ ਨਾਲ ਲੈ ਗਏ। ਚਾਰੋਂ ਉਥੇ ਪੁੱਜੇ ਤਾਂ ਉਨ੍ਹਾਂ ਦੀ ਮੁਲਜ਼ਮਾਂ ਨਾਲ ਬਹਿਸ ਹੋ ਗਈ, ਪਰ ਲੋਕਾਂ ਦੇ ਵਿੱਚ ਬਚਾਅ ਕਾਰਨ ਮਾਮਲਾ ਸ਼ਾਂਤ ਹੋ ਗਿਆ। ਝਗੜਾ ਖਤਮ ਹੋਣ ਤੋਂ ਬਾਅਦ ਸਾਰੇ ਲੋਕ ਵਾਪਸ ਆ ਰਹੇ ਸਨ। ਜਦੋਂ ਵਿਜੈ ਪੈਦਲ ਹੀ ਪ੍ਰਤਾਪਪੁਰਾ ਸਥਿਤ ਆਪਣੇ ਘਰ ਜਾ ਰਿਹਾ ਸੀ। ਰਸਤੇ ’ਚ ਮੁਲਜ਼ਮਾਂ ਨੇ ਉਨ੍ਹਾਂ ਨੂੰ ਘੇਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਸੇ ਦੌਰਾਨ ਮੁਲਜ਼ਮਾਂ ਨੇ ਵਿਜੇ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਉੱਥੋ ਫ਼ਰਾਰ ਹੋ ਗਏ। ਗਣੇਸ਼ ਨੇ ਵਿਜੈ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਤੇ ਉਹ ਘਰੇ ਆ ਗਿਆ। ਇਸ ਦੌਰਾਨ ਉਸ ਦੀ ਹਾਲਤ ਖਰਾਬ ਹੋ ਗਈ ਤੇ ਹਸਪਤਾਲ ਵਾਲਿਆਂ ਨੇ ਖੁਦ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਪੀਏਯੂ ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਜਦੋਂ ਗਣੇਸ਼ ਨੂੰ ਪਤਾ ਲੱਗਿਆ ਤਾਂ ਉਹ ਵੀ ਪੁਲਿਸ ਕੋਲ ਪੁੱਜ ਗਿਆ। ਜਾਂਚ ਦੌਰਾਨ ਪੁਲਿਸ ਨੇ ਪੰਜਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।