Ludhiana News: ਹੁਣ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। ਦੱਸ ਦਈਏ ਕਿ ਗੈਂਗਸਟਰ ਮਨੀ ਰਈਆ ਨੂੰ ਬੀਤੇ ਦਿਨ ਲੁਧਿਆਣਾ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਸੀ। ਇਸ ਦੌਰਾਨ ਵਿਦੇਸ਼ ਨਾਲ ਜੁੜਿਆ ਹੋਇਆ ਲਿੰਕ ਸਾਹਮਣੇ ਆਇਆ ਹੈ। ਗੈਂਗਸਟਰ ਗੋਲਡੀ ਬਰਾੜ ਤੋਂ ਬਾਅਦ ਹੁਣ ਧਰਮਜੋਤ ਸਿੰਘ ਨਾਲ ਲਿੰਕ ਦੱਸੇ ਜਾ ਰਹੇ ਹਨ। ਇਸ ਨੂੰ ਲੈ ਕੇ ਪੁਲਿਸ ਨੇ ਜਿੱਥੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਤਾਂ ਉੱਥੇ ਹੀ ਉਨ੍ਹਾਂ ਵਿਦੇਸ਼ ਦੇ ਨਾਲ ਵੀ ਕੜੀ ਜੋੜਦੇ ਧਰਮਜੋਤ ਸਿੰਘ ਤੇ ਗੋਲਡੀ ਬਰਾੜ ਨੂੰ ਜਿਗਰੀ ਯਾਰ ਦੱਸਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏਸੀਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਰੇਕੀ ਕਰ ਹਥਿਆਰ ਸਪਲਾਈ ਕਰ ਤੇ ਗੈਂਗਸਟਰਾਂ ਨੂੰ ਮੌਨੀਟਰ ਕਰਨ ਵਾਲੇ ਗੋਲਡੀ ਬਰਾੜ ਤੋਂ ਵਿਦੇਸ਼ ਵਿੱਚ ਬੈਠੇ ਸਾਥੀ ਧਰਮਜੋਤ ਸਿੰਘ ਦਾ ਵੀ ਨਾਮ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਮਨੀ ਰਈਆ ਨੂੰ ਬੀਤੇ ਦਿਨੀਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ।
ਉਸ ਪਾਸੋਂ ਪੁੱਛਗਿੱਛ ਦੌਰਾਨ ਖੁਲਾਸੇ ਹੋਏ ਹਨ ਤੇ ਉਸ ਨੇ ਮੰਨਿਆ ਕਿ ਗੋਲਡੀ ਬਰਾੜ ਤੇ ਧਰਮਜੋਤ ਆਪਸ ਵਿੱਚ ਕਲਾਸਮੇਟ ਹਨ ਤੇ ਧਰਮਜੋਤ ਵੀ ਵਿਦੇਸ਼ ਵਿਚ ਬੈਠਾ ਹੈ। ਉਸ ਦੀ ਡਾਇਰੈਕਸ਼ਨ ਤੇ ਪੰਜਾਬ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਚ ਹੋਰ ਵੀ ਖੁਲਾਸੇ ਹੋ ਸਕਦੇ ਹਨ।
ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਬਲਕੌਰ ਸਿੰਘ ਚਲਾਉਣਗੇ ਦਸਤਖਤ ਮੁਹਿੰਮ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਕਰੀਬ 5 ਮਹੀਨੇ ਬੀਤ ਚੁੱਕੇ ਹਨ। ਹਾਲੇ ਤੱਕ ਪੰਜਾਬ ਪੁਲਿਸ ਮੁੱਖ ਦੋਸ਼ੀ ਗੈਂਗਸਟਰ ਗੋਲਡੀ ਬਰਾੜ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਪਰਿਵਾਰ 5 ਮਹੀਨਿਆਂ ਤੋਂ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ। ਇਸ ਦੌਰਾਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਘਰ ਵਿੱਚ ਦਸਤਖਤ ਵਾਲਾ ਰਜਿਸਟਰ ਲਗਾਉਣ ਜਾ ਰਹੇ ਹਨ।
ਮੂਸੇਵਾਲਾ ਦੇ ਪ੍ਰਸ਼ੰਸਕ ਇਸ ਰਜਿਸਟਰ 'ਤੇ ਆਪਣੀਆਂ ਭਾਵਨਾਵਾਂ ਲਿਖਣਗੇ। ਬਲਕੌਰ ਸਿੰਘ ਨੇ ਦੱਸਿਆ ਕਿ ਕਈ ਵਾਰ ਉਹ ਘਰ ਨਹੀਂ ਹੁੰਦੇ, ਜਿਸ ਕਾਰਨ ਉਹ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਮਿਲਣ ਤੋਂ ਅਸਮਰੱਥ ਹੁੰਦੇ ਹਨ। ਇਸ ਰਜਿਸਟਰ ਦੇ ਬਣਨ ਨਾਲ ਲੋਕਾਂ ਨੂੰ ਮੂਸੇਵਾਲਾ ਪ੍ਰਤੀ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦਾ ਸਮਾਂ ਵੀ ਮਿਲੇਗਾ।