Ludhiana News: ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਤੇ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਵਿਚਾਲੇ ਜ਼ੁਬਾਨੀ ਜੰਗ ਤੋਂ ਇਲਾਵਾ ਟਵੀਟ ਵਾਰ ਵੀ ਚੱਲ ਰਹੀ ਹੈ। ਵੜਿੰਗ ਨੇ ਬਿੱਟੂ ਦੇ ਪੋਸਟਰਾਂ ਤੋਂ ਬੇਅੰਤ ਸਿੰਘ ਦੀ ਤਸਵੀਰ ਗ਼ਾਇਬ ਹੋਣ ਦਾ ਮੁੱਦਾ ਚੁੱਕਿਆ ਸੀ ਜਿਸ ਤੋਂ ਬਾਅਦ ਹੁਣ ਬਿੱਟੂ ਵੱਲੋਂ ਵੀ ਪਲਟਵਾਰ ਕੀਤਾ ਗਿਆ ਹੈ।
ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਤੁਹਾਡੇ ਪੋਸਟਰਾਂ ਵਿੱਚੋਂ ਗਾਂਧੀ ਦੀਆਂ ਗ਼ਾਇਬ ਤਸਵੀਰਾਂ ਉਨ੍ਹਾਂ ਦੀ ਘਟਦੀ ਪ੍ਰਸਿੱਧੀ ਤੇ ਵਿਵਾਦ ਖੜਾ ਹੋਣ ਦੇ ਤੁਹਾਡੇ ਡਰ ਨੂੰ ਦਰਸਾਉਂਦੀਆਂ ਹਨ। ਮੈਂ ਜਾਣਦਾ ਹਾਂ ਕਿ ਤੁਸੀਂ ਛੋਟੀ ਉਮਰ ਤੋਂ ਹੀ ਮੇਰੇ ਫੈਨ ਬੁਆਏ ਹੋ ਅਤੇ ਨਿਯਮਿਤ ਤੌਰ 'ਤੇ ਮੇਰਾ ਫੇਸਬੁੱਕ ਪੇਜ ਦੇਖਦੇ ਹੋ ਪਰ ਲੁਧਿਆਣੇ ਦੇ ਆਪਣੇ 5 ਸਿਤਾਰਾ ਹੋਟਲ ਦੇ ਕਮਰੇ ਵਿੱਚੋਂ ਬਾਹਰ ਨਿਕਲ ਕੇ ਮੇਰੇ ਚੋਣ ਦਫ਼ਤਰ ਜਾਓ ਤੇ ਸ਼ਹੀਦ ਹੋਏ ਆਗੂ ਬੇਅੰਤ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰੋ ਤੇ ਜਦੋਂ ਉੱਥੇ ਜਾਓ ਤਾਂ ਨਰਿੰਦਰ ਮੋਦੀ ਨਾਲ ਸੈਲਫੀ ਲੈਣਾ ਨਾ ਭੁੱਲਿਓ। ਲੁਧਿਆਣਾ ਵਿੱਚ 20 ਦਿਨਾਂ ਦੀਆਂ ਛੁੱਟੀਆਂ ਦਾ ਆਨੰਦ ਮਾਣੋ।
ਜ਼ਿਕਰ ਕਰ ਦਈਏ ਕਿ ਰਾਜਾ ਵੜਿੰਗ ਨੇ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਸੀ ਕਿ ਸਿਆਸੀ ਮੌਕਾਪ੍ਰਸਤੀ ਦਾ ਸਿਖਰ, ਰਵਨੀਤ ਬਿੱਟੂ ਜੀ, ਜਦੋਂ ਤੁਸੀਂ ਬੇਅੰਤ ਸਿੰਘ ਜੀ ਦੀ ਤਸਵੀਰ ਨੂੰ ਭਾਜਪਾ ਦੇ ਚੋਣ ਪ੍ਰਚਾਰ ਵਿੱਚ ਵਰਤ ਕੇ ਸੋਚਿਆ ਕਿ ਤੁਹਾਨੂੰ ਵੋਟ ਮਿਲ ਜਾਣਗੇ ਤੇ ਇਸ ਤੋਂ ਬਾਅਦ ਜਦੋਂ ਲੋਕ ਤੁਹਾਨੂੰ ਗੱਦਾਰ ਵਜੋਂ ਪਛਾਣਨ ਲੱਗ ਪਏ ਹਨ ਤਾਂ ਤੁਸੀਂ ਆਪਣੇ ਪੋਸਟਰਾਂ ਤੋਂ ਉਨ੍ਹਾਂ ਦੀ ਤਸਵੀਰ ਨੂੰ ਹਟਾ ਲਿਆ ਹੈ ? ਕੁਝ ਸ਼ਰਮ ਕਰੋ!