ਲੁਧਿਆਣਾ : ਪੰਜਾਬ ਪੁਲਿਸ ਦੇ ਹੱਥ ਆਈ ਲੁਧਿਆਣਾ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਉਰਫ਼ ਮੋਨਾ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਮਨਦੀਪ ਕੌਰ ਉਰਫ਼ ਮੋਨਾ ਨੂੰ ਲੁਧਿਆਣਾ ਪੁਲਿਸ ਨੇ ਦੇਰ ਰਾਤ ਉੱਤਰਖੰਡ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਸ਼ੁਰੂਆਤੀ ਜਾਂਚ ਵਿੱਚ ਮਨਦੀਪ ਕੌਰ ਉਰਫ਼ ਮੋਨਾ ਨੇ ਦੱਸਿਆ ਕਿ ਚੋਰੀ ਦੋ ਜੋ ਪਲਾਨਿੰਗ ਬਣਾਈ ਸੀ ਇਹ ਸਫ਼ਲ ਹੋ ਜਾਵੇ ਇਸ ਦੇ ਲਈ ਸਾਡੀ ਟੀਮ ਨੇ ਸੁੱਖ ਸੁੱਖੀ ਸੀ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਨਾ ਤੇ ਉਸ ਦਾ ਪਤੀ ਜਸਵਿੰਦਰ ਸਿੰਘ ਸੁੱਖ ਉਤਾਰਨ ਲਈ ਸ਼ੁਕਰਾਨਾ ਕਰਨ ਲਈ ਸ੍ਰੀ ਹੇਮਕੁੰਟ ਸਾਹਿਬ ਮੱਥਾ ਟੇਕਣ ਗਏ ਸਨ। ਇਸ ਤੋਂ ਇਲਾਵ ਲੁਟੇਰਿਆਂ ਦੀ ਬਾਕੀ ਟੀਮ ਨੇ ਹਰਿਦੁਆਰ ਅਤੇ ਕੇਦਾਰਨਾਥ ਜਾਣ ਦੀ ਵੀ ਪਲਾਨਿੰਗ ਕੀਤੀ ਸੀ। 



ਲੁਧਿਆਣਾ ਪੁਲਿਸ ਨੇ ਦੱਸਿਆ ਕਿ ਮਨਦੀਪ ਕੌਰ ਉਰਫ਼ ਮੋਨਾ ਅਤੇ ਉਸ ਦਾ ਪਤੀ ਜਸਵਿੰਦਰ ਸਿੰਘ ਜਦੋਂ ਸ੍ਰੀ ਹੇਮਕੁੰਟ ਸਾਹਿਬ ਤੋਂ ਦੇਰ ਰਾਤ ਮੱਥਾ ਟੇਕ ਕੇ ਬਾਹਰ ਆ ਰਹੇ ਸਨ। ਤਾਂ ਉਸ ਜਗ੍ਹਾ ਤੇ ਪਹਿਲਾਂ ਤੋਂ ਹੀ ਸਾਡੀ ਪੁਲਿਸ ਦੀ ਟੀਮ ਮੌਜੂਦ ਸੀ। ਮੋਨਾ ਤੇ ਉਸ ਦਾ ਪਤੀ ਜਿਵੇਂ ਹੀ ਦਰਬਾਰ ਤੋਂ ਬਾਹਰ ਆਏ ਤਾਂ ਇੰਸਪੈਕਟਰ ਕੁਲਵੰਤ ਸਿੰਘ ਤੇ ਇੰਸਪੈਕਟਰ ਬੇਅੰਤ ਜਨੇਜਾ ਨੇ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦੀ ਟੀਮ ਨੇ ਪੂਰੀ ਰਾਤ ਸਫ਼ਰ ਕਰਕੇ ਇਹਨਾਂ ਨੂੰ ਲੁਧਿਆਣਾ ਲਿਆਂਦਾ। 



ਇਸ ਦੌਰਾਨ ਲੁਧਿਆਣ ਪੁਲਿਸ ਦੇ ਕਮਿਸ਼ਨਰ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹੁਣ ਤੱਕ 9 ਜਣੇ ਗ੍ਰਿਫ਼ਤਾਰ ਕਰ ਲਏ ਹਨ। ਲੁੱਟ ਦੀ ਮਾਸਟਰਮਾਈਂਡ ਮੋਨਾ ਤੋਂ 12 ਲੱਖ ਰੁਪਏ ਬਰਾਮਦ ਹੋਏ ਹਨ। ਡਾਕੂ ਹਸੀਨਾ ਮੋਨਾ ਨੇ ਇਹ ਚੋਰੀ ਦੀ ਰਕਮ  ਦਿੜਬਾ ਦੇ ਪਿੰਡ ਗੁੱਜਰਾਂ ਵਿੱਚ ਆਪਣੀ ਮਾਤਾ ਦੀ ਸਕੂਟਰੀ ਵਿੱਚ ਲੁਕਾਅ ਕੇ ਰੱਖੀ ਸੀ। ਮੋਨਾ ਅਤੇ ਜਸਵਿੰਦਰ ਤੋਂ ਇਲਾਵਾ ਇਹਨਾਂ ਦਾ ਇੱਕ ਹੋਰ ਸਾਥੀ ਗੌਰਵ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਗੌਰਵ ਚੋਰੀ ਵਿੱਚ ਸ਼ਾਮਲ ਨਹੀਂ ਸੀ ਪਰ ਇਸ ਨੇ ਲੁਟੇਰਿਆਂ ਦਾ ਸਾਥ ਦਿੱਤਾ ਹੈ। ਇਹਨਾਂ ਤਿੰਨਾ ਕੋਲੋ ਅੱਜ ਪੁਲਿਸ ਨੇ 21 ਲੱਖ ਰੁਪਏ ਬਰਾਮਦ ਕੀਤੇ ਹਨ। ਅਤੇ ਕੁੱਲ ਮਿਲਾ ਕੇ ਹੁਣ ਤੱਕ ਚੋਰੀ ਦੀ ਰਕਮ 5 ਕਰੋੜ 96 ਲੱਖ ਰੁਪਏ ਰਿਕਵਰ ਕਰ ਲਈ ਗਈ ਹੈ।