ਲੁਧਿਆਣਾ : ਪੰਜਾਬ ਪੁਲਿਸ ਵੱਲੋਂ ਲੁਧਿਆਣਾ ਲੁੱਟ ਮਾਮਲੇ ਵਿੱਚ ਅੱਜ ਵੀ ਵੱਡੇ ਖੁਲਾਸੇ ਕੀਤੇ ਗਏ ਹਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੂੰ 75 ਲੱਖ ਰੁਪਏ ਹੋਰ ਬਰਾਮਦ ਹੋ ਗਏ ਹਨ। ਪਿਛਲੇ ਦਿਨੀ ਪੁਲਿਸ ਨੇ 5 ਕਰੋੜ ਰੁਪਏ ਰਿਕਵਰ ਕੀਤੇ ਸਨ। ਜਿਹੜੇ ਅੱਜ ਪੈਸੇ ਬਰਾਮਦ ਹੋਏ ਹਨ ਇਹ ਸਾਰੀ ਰਕਮ ਦੋ ਮੁਲਜ਼ਮਾਂ ਤੋਂ ਫੜੀ ਗਈ ਹੈ। ਇਸ ਵਿੱਚ ਲੁੱਟ ਦੇ ਸਾਜਿਸ਼ਕਰਤਾ ਮਨਜਿੰਦਰ ਮਨੀ ਦੇ ਘਰੋਂ 50 ਲੱਖ ਰੁਪਏ ਬਰਾਮਦ ਹੋਏ ਹਨ ਅਤੇ 25 ਲੱਖ ਰੁਪਏ ਮੁਲਜ਼ਮ ਨਰਿੰਦਰ ਤੋਂ ਰਿਕਵਰ ਕੀਤੇ ਹਨ। ਨਰਿੰਦਰ ਨੇ ਇਹ ਪੈਸੇ ਇੱਕ ਸੇਫਟੀ ਟੈਂਕ ਵਿੱਚ ਲੁਕਾ ਕੇ ਰੱਖੇ ਹੋਏ ਸਨ। ਪੁਲਿਸ ਦੀ ਟੀਮ ਨਰਿੰਦਰ ਦੀ ਨਿਸ਼ਾਨਦੇਹੀ 'ਤੇ ਰੁਪਏ ਰਿਕਵਰ ਕਰਨ ਗਈ ਤਾਂ ਕਈ ਨੋਟ ਪਾਣੀ ਨਾਲ ਗਿੱਲੇ ਹੋਏ ਸਨ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਹਨਾਂ ਨੇ ਡਾਕਾ ਇੰਨਾ ਵੱਡਾ ਮਾਰ ਲਿਆ ਸੀ ਕਿ ਇਹਨਾਂ ਤੋਂ ਕੈਸ਼ ਨਹੀਂ ਸਾਂਭਿਆ ਜਾ ਰਿਹਾ ਸੀ ਕਿ ਇੰਨੀ ਵੱਡੀ ਰਕਮ ਨੂੰ ਸਾਂਭ ਕੇ ਕਿੱਥੇ ਰੱਖਣਾ ਹੈ। ਇਸੇ ਲਈ ਕਈਆਂ ਨੇ ਤਾਂ ਪੈਸੇ ਜ਼ਮੀਨ ਵਿੱਚ ਦੱਬ ਦਿੱਤੇ ਸਨ।
ਪੁਲਿਸ ਦੇ ਘੇਰੇ ਵਿੱਚ ਹੁਣ ਕੈਸ਼ ਵੈਨ ਸਰਵਿਸ ਕੰਪਨੀ ਵੀ ਆ ਗਈ ਹੈ। ਪੁਲਿਸ ਨੇ ਸੀ.ਐਮ.ਐਸ ਕੰਪਨੀ ਤੋਂ ਹਿਸਾਬ ਕਿਤਾਬ ਦੀ ਸਾਰੀ ਰਿਪੋਰਟ ਤਲਬ ਕਰ ਲਈ ਹੈ ਅਤੇ ਕੰਪਨੀ ਨੂੰ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ। ਜੋ ਅੱਜ ਸ਼ਾਮ ਪੂਰਾ ਹੋ ਜਾਵੇਗਾ। ਪੁਲਿਸ ਨੇ ਕਿਹਾ ਕਿ ਕੰਪਨੀ ਨੂੰ ਪੈਸੇ ਕਿੱਥੋਂ, ਕਿਵੇਂ ਅਤੇ ਕਿੰਨੇ ਆਏ ਇਹ ਵੀ ਜਾਣਕਾਰੀ ਮੰਗੀ ਹੈ ਅਤੇ ਨਾਲ ਹੀ ਪੈਸੇ ਕਿਹੜੇ ਬੈਂਕ ਨੂੰ ਕਿੰਨੇ ਦਿੱਤੇ ਅਤੇ ਕਦੋਂ ਦਿੱਤੇ ਸਨ, ਇਸ ਬਾਰੇ ਵੀ ਪੁੱਛਿਆ ਹੈ।