Ludhiana News: ਲੁਧਿਆਣਾ ਪੁਲਿਸ ਸਾਢੇ ਅੱਠ ਕਰੋੜ ਦੀ ਲੁੱਟ ਕਰਨ ਵਾਲੇ ਭਾਵੇਂ ਕੋਈ ਪ੍ਰੋਫੈਸ਼ਨਲ ਅਪਰਾਧੀ ਨਹੀਂ ਸੀ ਪਰ ਉਨ੍ਹਾਂ ਦੇ ਪਲਾਨਿੰਗ ਪੂਰੀ ਕੀਤੀ ਸੀ। ਮੁਲਜ਼ਮਾਂ ਨੇ ਲੁੱਟ ਤੋਂ ਬਾਅਦ ਪੈਸੇ ਮਨਜਿੰਦਰ ਸਿੰਘ ਉਰਫ਼ ਮਨੀ ਦੇ ਘਰ ਛੁਪਾਏ ਸੀ। ਇਨ੍ਹਾਂ ਪੈਸਿਆਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਲਪੇਟ ਕੇ ਸੈਪਟਿਕ ਟੈਂਕ ਵਿੱਚ ਰੱਖਿਆ ਗਿਆ ਸੀ। 


ਹਾਸਲ ਜਾਣਕਾਰੀ ਮੁਤਾਬਕ ਲੁੱਟ ਦੇ ਮਾਮਲੇ ਦੇ ਮੁੱਖ ਮੁਲਜ਼ਮ ਮਨਜਿੰਦਰ ਸਿੰਘ ਉਰਫ਼ ਮਨੀ ਦੀ ਭਾਲ ਵਿੱਚ ਪਿੰਡ ਅੱਬੂਵਾਲ ਉਸ ਦੇ ਘਰ ਪਹੁੰਚੀ। ਪੁਲਿਸ ਟੀਮ ਨੇ ਘਰ ਦੀ ਤਲਾਸ਼ੀ ਤੋਂ ਬਾਅਦ ਸੈਪਟਿਕ ਟੈਂਕ ਨੂੰ ਖ਼ਾਲੀ ਕਰਵਾਇਆ ਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਰੱਖੇ ਲੱਖਾਂ ਰੁਪਏ ਦੇ ਬੰਡਲ ਬਰਾਮਦ ਹੋਏ। 



ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਰਕਮ ਦੀ ਗਿਣਤੀ ਬਾਰੇ ਕੁਝ ਨਹੀਂ ਦੱਸਿਆ। ਸੀਆਈਏ ਇੰਚਾਰਜ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਪੂਰੇ ਘਰ ਦੀ ਤਲਾਸ਼ੀ ਦੌਰਾਨ ਕਈ ਥਾਵਾਂ ’ਤੇ ਟੋਏ ਵੀ ਪੁੱਟੇ, ਪਰ ਬਾਅਦ ਵਿੱਚ ਸੈਪਟਿਕ ਟੈਂਕ ਨੂੰ ਖ਼ਾਲੀ ਕਰਨ ਲਈ ਮਸ਼ੀਨ ਬੁਲਾਈ ਗਈ। 


ਦੱਸ ਦਈਏ ਕਿ ਲੁਧਿਆਣਾ ਦੇ ਰਾਜਗੁਰੂ ਨਗਰ ਸਥਿਤ ਸੀਐਮਐਸ ਕੰਪਨੀ ’ਚੋਂ ਸਾਢੇ ਅੱਠ ਕਰੋੜ ਰੁਪਏ ਦੀ ਲੁੱਟ ਹੋਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 6 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਗਰੋਹ ਦੀ ਸਰਗਨਾ ਔਰਤ ਸਣੇ ਪੰਜ ਮੁਲਜ਼ਮ ਹਾਲੇ ਫ਼ਰਾਰ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੰਜ ਕਰੋੜ ਰੁਪਏ, ਸੀਐਮਐਸ ਕੰਪਨੀ ਦੀ ਗੱਡੀ, ਵਾਰਦਾਤ ’ਚ ਵਰਤੀ ਗਈ ਕਾਰ, ਤਿੰਨ ਰਾਈਫਲਾਂ 12 ਬੋਰ, ਤੇਜ਼ਧਾਰ ਹਥਿਆਰ, ਹਾਈਡਰੌਲਿਕ ਪੌੜੀ ਆਦਿ ਬਰਾਮਦ ਕਰ ਲਏ ਹਨ। 



ਕਿਵੇਂ ਹੋਈ ਲੁੱਟ?
ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੀ ਪਛਾਣ ਇਸੇ ਕੰਪਨੀ ਵਿਚ ਚਾਰ ਸਾਲ ਕੰਮ ਕਰਨ ਵਾਲੇ ਵਜੋਂ ਹੋਈ ਹੈ। ਉਸ ਨੇ ਆਪਣੀ ਦੋਸਤ ਨਾਲ ਮਿਲ ਕੇ ਸਾਰੀ ਲੁੱਟ ਦੀ ਯੋਜਨਾ ਬਣਾਈ। ਗ੍ਰਿਫ਼ਤਾਰ ਮੁਲਜ਼ਮਾਂ ’ਚੋਂ ਇੱਕ 18 ਸਾਲ ਦਾ ਲੜਕਾ ਵੀ ਹੈ। ਇਸ ਮਾਮਲੇ ’ਚ ਪੁਲfਸ ਨੇ ਪਿੰਡ ਅੱਬੂਵਾਲ ਦੇ ਰਹਿਣ ਵਾਲੇ ਮਾਸਟਰਮਾਈਂਡ ਤੇ ਸੀਐਮਐਸ ਕੰਪਨੀ ’ਚ ਕੰਮ ਕਰਨ ਵਾਲੇ ਮਨਜਿੰਦਰ ਸਿੰਘ ਮਨੀ, ਜਗਰਾਉਂ ਸਥਿਤ ਪਿੰਡ ਕੋਠੇ ਹਰੀ ਸਿੰਘ ਵਾਸੀ ਮਨਦੀਪ ਸਿੰਘ ਉਰਫ਼ ਵਿੱਕੀ, ਹਰਵਿੰਦਰ ਸਿੰਘ ਉਰਫ਼ ਲੰਬੂ, ਪਿੰਡ ਕਾਉਂਕੇ ਕਲਾਂ ਵਾਸੀ ਪਰਮਜੀਤ ਸਿੰਘ ਪੰਮਾ, ਬਰਨਾਲਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ (18) ਦੇ ਨਾਲ ਨਾਲ ਨਰਿੰਦਰ ਸਿੰਘ ਉਰਫ਼ ਹੈਪੀ ਵਾਸੀ ਜਗਰਾਉਂ ਨੂੰ ਕਾਬੂ ਕੀਤਾ ਹੈ। 


ਜਦੋਂਕਿ ਇਸ ਗਰੋਹ ਦੀ ਦੂਜੀ ਮਾਸਟਰਮਾਈਂਡ ਤੇ ਡਾਕੂ ਹਸੀਨਾ ਦੇ ਨਾਂ ਤੋਂ ਮਸ਼ਹੂਰ ਮਨਦੀਪ ਕੌਰ ਉਰਫ਼ ਮੋਨਾ, ਉਸ ਦਾ ਪਤੀ ਬਰਨਾਲਾ ਰਾਮਗੜ੍ਹੀਆ ਰੋਡ ਵਾਸੀ ਜਸਵਿੰਦਰ ਸਿੰਘ, ਉਸ ਦਾ ਸਾਥੀ ਅਰੁਣ ਕੁਮਾਰ, ਨੰਨ੍ਹੀ ਤੇ ਗੁਲਸ਼ਨ ਹਾਲੇ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।


ਪੁਲfਸ ਕਮਿਸ਼ਨਰ ਨੇ ਦੱਸਿਆ ਕਿ 10 ਜੂਨ ਨੂੰ ਹੋਈ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਕੰਪਨੀ ਦੇ ਸੁਰੱਖਿਆ ਸਿਸਟਮ ਵਿਚ ਵੱਡੀਆਂ ਖਾਮੀਆਂ ਮਿਲੀਆਂ। ਉਨ੍ਹਾਂ ਕਿਹਾ ਕਿ ਇਸ ਘਟਨਾ ਦਾ ਮਾਸਟਰਮਾਈਂਡ ਮਨਜਿੰਦਰ ਸਿੰਘ ਮਨੀ ਸੀਐਮਐਸ ਕੰਪਨੀ ’ਚ ਪਿਛਲੇ ਚਾਰ ਸਾਲ ਤੋਂ ਕੰਮ ਕਰਦਾ ਸੀ ਤੇ ਏਟੀਐਮ ਮਸ਼ੀਨ ਅੰਦਰ ਪੈਸੇ ਪਾਉਂਦਾ ਸੀ। ਲੁੱਟ ਦੀ ਵਾਰਦਾਤ ਲਈ ਸਾਜਿਸ਼ਕਾਰ ਜਗਰਾਉਂ ’ਚ ਇਕੱਠੇ ਹੋਏ। ਉਥੇ ਮਨਦੀਪ ਕੌਰ ਆਪਣੀ ਕਾਰ ’ਚ ਪੰਜ ਜਣਿਆਂ ਨੂੰ ਲਿਆਈ, ਜਦੋਂ ਕਿ ਮਨਦੀਪ ਸਿੰਘ ਉਰਫ਼ ਮਨੀ ਸਾਥੀਆਂ ਨਾਲ ਮੋਟਰਸਾਈਕਲ ’ਤੇ ਪੁੱਜ ਗਿਆ।



ਉਹ ਹਾਈਡਰੌਲਿਕ ਪੌੜੀ ਲਾ ਕੇ ਸੈਂਸਰ ਸਿਸਟਮ ਦੀ ਤਾਰ ਕੱਟ ਕੇ ਪਿਛਲੇ ਰਸਤਿਉਂ ਅੰਦਰ ਦਾਖਲ ਹੋਏ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮਨਜਿੰਦਰ ਸਿੰਘ ਨੂੰ ਸਾਰਾ ਪਤਾ ਸੀ ਕਿ ਅੰਦਰ ਸੈਂਸਰ ਸਿਸਟਮ ਕਿੱਥੇ ਹੈ ਤੇ ਕੈਸ਼ ਕਿੱਥੇ ਪਿਆ ਹੈ। ਇਸ ਤੋਂ ਬਾਅਦ ਉਹ ਕੈਸ਼ ਲੈ ਕੇ ਫ਼ਰਾਰ ਹੋ ਗਏ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਉਸ ਵੇਲੇ ਖੇਤਰ ਵਿਚ ਮੌਜੂਦ 100 ਮੋਬਾਈਲ ਨੰਬਰਾਂ ਦੀ ਜਾਂਚ ਕੀਤੀ ਤਾਂ ਇੱਕ ਤੋਂ ਬਾਅਦ ਇੱਕ ਤਾਰ ਜੁੜਦੇ ਗਏ।