Punjab News: ਅੱਜ ਦਾ ਦਿਨ ਆਮ ਆਦਮੀ ਪਾਰਟੀ ਲਈ ਦੋਹਰੀ ਖੁਸ਼ੀ ਲੈ ਕੇ ਆਇਆ। ਪਾਰਟੀ ਉਮੀਦਵਾਰ ਨੂੰ ਇੱਕੋ ਸਮੇਂ ਦੋ ਰਾਜਾਂ ਦੀਆਂ ਜਿਮਨੀ ਚੋਣਾਂ ਵਿੱਚ ਵੱਡੀ ਜਿੱਤ ਮਿਲੀ। ਲੁਧਿਆਣਾ ਪੱਛਮੀ ਜਿਮਨੀ ਚੋਣ ਵਿੱਚ 'ਆਪ' ਉਮੀਦਵਾਰ ਸੰਜੀਵ ਅਰੋੜਾ ਤੋਂ ਇਲਾਵਾ, ਪਾਰਟੀ ਦੇ ਉਮੀਦਵਾਰ ਗੋਪਾਲ ਇਟਾਲੀਆ ਨੇ ਵੀ ਗੁਜਰਾਤ ਦੇ ਵਿਸਾਵਦਰ ਵਿਧਾਨ ਸਭਾ ਜਿਮਨੀ ਚੋਣ ਵਿੱਚ 17 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੱਤੀ। ਉਨ੍ਹਾਂ ਆਪਣੇ ਐਕਸ ਅਕਾਊਂਟ 'ਤੇ ਲਿਖਿਆ, "ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ 'ਤੇ ਪਾਰਟੀ ਦੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਵਧਾਈਆਂ! ਵੱਡੇ ਫਰਕ ਨਾਲ ਜਿੱਤ ਦਰਸਾਉਂਦੀ ਹੈ ਕਿ ਸੂਬੇ ਦੇ ਲੋਕ ਸਾਡੀ ਸਰਕਾਰ ਦੇ ਕੰਮ ਤੋਂ ਬਹੁਤ ਖੁਸ਼ ਹਨ। ਅਸੀਂ ਬਿਨਾਂ ਕਿਸੇ ਭੇਦਭਾਵ ਦੇ ਦਿਨ ਰਾਤ ਕੰਮ ਕਰ ਰਹੇ ਹਾਂ ਅਤੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਅਸੀਂ ਜਿਮਨੀ ਚੋਣ ਦੌਰਾਨ ਲੋਕਾਂ ਨਾਲ ਕੀਤੇ ਗਏ ਹਰ ਵਾਅਦੇ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਾਂਗੇ।"

ਇਹ ਆਮ ਆਦਮੀ ਪਾਰਟੀ ਦੇ ਕੰਮ ਦੀ ਰਾਜਨੀਤੀ ਦੀ ਜਿੱਤ - ਮਨੀਸ਼ ਸਿਸੋਦੀਆ

ਲੁਧਿਆਣਾ ਪੱਛਮੀ ਜਿਮਨੀ ਚੋਣ ਵਿੱਚ ਜਿੱਤ 'ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਨੇਤਾ ਅਤੇ ਪੰਜਾਬ ਵਿੱਚ ਪਾਰਟੀ ਇੰਚਾਰਜ ਮਨੀਸ਼ ਸਿਸੋਦੀਆ ਨੇ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਅਤੇ 'ਆਪ' ਦੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਵਧਾਈ ਦਿੱਤੀ।

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਲੁਧਿਆਣਾ ਜਿਮਨੀ ਚੋਣ ਨੂੰ ਸੈਮੀਫਾਈਨਲ ਕਹਿ ਰਹੀ ਹੈ। ਆਮ ਆਦਮੀ ਪਾਰਟੀ ਨੇ ਸੈਮੀਫਾਈਨਲ ਜਿੱਤ ਲਿਆ ਹੈ ਅਤੇ ਹੁਣ ਭਗਵੰਤ ਮਾਨ ਜੀ ਦੀ ਅਗਵਾਈ ਹੇਠ, ਇਹ ਫਾਈਨਲ ਵੀ ਜਿੱਤੇਗੀ। ਇਹ ਜਿੱਤ ਆਮ ਆਦਮੀ ਪਾਰਟੀ ਦੀ ਕੰਮ ਦੀ ਰਾਜਨੀਤੀ ਦੀ ਜਿੱਤ ਹੈ।

ਸਿਸੋਦੀਆ ਨੇ ਗੁਜਰਾਤ ਵਿੱਚ ਵਿਸਾਵਦਰ ਵਿਧਾਨ ਸਭਾ ਜਿਮਨੀ ਚੋਣ ਵਿੱਚ ਜਿੱਤ ਲਈ 'ਆਪ' ਉਮੀਦਵਾਰ ਗੋਪਾਲ ਇਟਾਲੀਆ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਹੁਣ ਉਹ ਗੁਜਰਾਤ ਵਿਧਾਨ ਸਭਾ ਵਿੱਚ ਸ਼ੇਰ ਵਾਂਗ ਗਰਜਣਗੇ ਅਤੇ ਸਿੱਖਿਆ, ਸਿਹਤ ਅਤੇ ਕਿਸਾਨਾਂ ਦੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਉਣਗੇ।

ਵਰਕਰਾਂ ਦੀ ਮਿਹਨਤ ਅਤੇ ਲਗਨ ਕਾਰਨ ਹੀ  ਇੰਨੀ ਵੱਡੀ ਜਿੱਤ ਸੰਭਵ ਹੋਈ -ਅਮਨ ਅਰੋੜਾ

'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਦੀ ਦਿਨ-ਰਾਤ ਮਿਹਨਤ ਅਤੇ ਲਗਨ ਕਾਰਨ ਇਹ ਜਿੱਤ ਸੰਭਵ ਹੋਈ ਹੈ। ਉਨ੍ਹਾਂ ਨੇ ਗਰਮੀ ਦੀ ਪਰਵਾਹ ਕੀਤੇ ਬਿਨਾਂ ਪੂਰੇ ਇਲਾਕੇ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਸਮਝਾਇਆ। 'ਆਪ' ਪ੍ਰਧਾਨ ਨੇ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਉਹ ਲੁਧਿਆਣਾ ਪੱਛਮੀ ਦੇ ਵਿਕਾਸ ਨੂੰ ਨਵੀਂ ਗਤੀ ਦੇਣਗੇ ਅਤੇ ਇਲਾਕੇ ਦੇ ਸਾਰੇ ਪੈਂਡਿੰਗ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨਗੇ।

ਇਹ ਜਿੱਤ ਸ਼ਹਿਰੀ ਵੋਟਰਾਂ ਦੇ ਆਮ ਆਦਮੀ ਪਾਰਟੀ ਵਿੱਚ ਵਧ ਰਹੇ ਵਿਸ਼ਵਾਸ ਦਾ ਸਬੂਤ - ਹਰਪਾਲ ਚੀਮਾ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਦੇ ਨਤੀਜੇ ਪੰਜਾਬ ਦੇ ਸ਼ਹਿਰੀ ਵੋਟਰਾਂ ਦੇ ਆਮ ਆਦਮੀ ਪਾਰਟੀ ਵਿੱਚ ਵਧ ਰਹੇ ਵਿਸ਼ਵਾਸ ਨੂੰ ਦਰਸਾਉਂਦੇ ਹਨ। 'ਆਪ' ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਦੇ ਵਿਕਾਸ ਲਈ ਕਈ ਮਹੱਤਵਪੂਰਨ ਕੰਮ ਕੀਤੇ ਹਨ ਜਿਸ ਕਾਰਨ ਪੰਜਾਬੀਆਂ ਦਾ ਸਰਕਾਰ ਪ੍ਰਤੀ ਵਿਸ਼ਵਾਸ ਕਾਫ਼ੀ ਵਧਿਆ ਹੈ।