ਲੁਧਿਆਣਾ : ਲੁਧਿਆਣਾ ਵਿੱਚ ਸ਼ਨੀਵਾਰ ਵਾਪਰੀ ਲੁੱਟ ਦੀ ਘਟਨਾ ਨੂੰ ਪੁਲਿਸ ਹਾਲੇ ਤੱਕ ਵੀ ਸੁਲਝਾ ਨਹੀਂ ਸਕੀ ਹੈ। 2 ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ। ਅੱਜ ਪੁਲਿਸ ਵੱਲੋਂ ਇਸ ਲੁੱਟ ਸਬੰਧੀ ਨਵੇਂ ਤਰਕ ਦੱਸੇ ਗਏ ਹਨ। ਏਡੀਸੀਪੀ ਸੁਭਾਸ਼ ਅਗਰਵਾਲ ਨੇ ਦੱਸਿਆ ਕਿ ਲੁੱਟ ਦੀ ਰਕਮ 7 ਕਰੋੜ ਨਹੀਂ 8 ਕਰੋੜ 49 ਲੱਖ ਹੈ ਅਤੇ ਜੋ ਵੀ ਖ਼ਬਰਾਂ ਚੱਲ ਰਹੀਆਂ ਹਨ ਕਿ ਤਿੰਨ ਜਣੇ ਗ੍ਰਿਫ਼ਤਾਰ ਕਰ ਲਏ ਗਏ ਹਨ, ਇਹ ਸਭ ਝੂਠ ਹੈ। ਏਡੀਸੀਪੀ ਨੇ ਦੱਸਿਆ ਕਿ ਪੁਲਿਸ ਉਹਨਾਂ ਸਾਰੀਆਂ ਥਾਵਾਂ ਨੂੰ ਖੰਗਾਲ ਰਹੀ ਹੈ ਜਿਸ ਰਾਹੀਂ ਇਹ ਚੋਰ ਆਏ ਅਤੇ ਵਾਪਸ ਗਏ ਸਨ। ਪੁਲਿਸ ਮੁਤਾਬਕ ਕੈਸ਼ ਵੈਨ ਸਰਵਿਸ ਕੰਪਨੀ ਨੇ ਆਪਣੇ ਦਫ਼ਤਰ ਵਿੱਚੋਂ ਕੁਝ ਮਹੀਨਾ ਪਹਿਲਾਂ 40 ਦੇ ਕਰੀਬ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਇਹਨਾਂ ਵਿਚੋਂ 20 ਤੋਂ 25 ਜਣਿਆਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਤੇ ਬਾਕੀ ਰਹਿੰਦੇ ਸਾਬਕਾ ਮੁਲਾਜ਼ਮਾਂ ਤੋਂ ਅੱਜ ਸਵਾਲ ਜਵਾਬ ਕੀਤੇ ਜਾਣੇ ਹਨ।
ਪੁਲਿਸ ਨੇ ਦੱਸਿਆ ਕਿ ਚੋਰਾਂ ਨੇ ਪਹਿਲਾਂ ਸੁਰੱਖਿਆ ਕਰਮੀ ਤੇ ਕੈਸ਼ ਦੀ ਗਿਣਤੀ ਕਰਨ ਵਾਲੇ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ, ਫਿਰ ਉਹਨਾ ਦੇ ਮੂੰਹ ਵਿੱਚ ਕੱਪੜਾ ਪਾ ਕੇ ਉਹਨਾਂ ਸਾਰਿਆਂ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਹਨਾਂ ਚੋਰਾਂ ਨੇ ਮੁਲਜ਼ਮਾਂ 'ਤੇ ਅੱਖਾਂ ਵਿੱਚ ਮਿਰਚਾ ਪਾ ਦਿੱਤੀਆਂ ਸਨ।
ਪੁਲਿਸ ਨੇ ਕੰਪਨੀ ਮੈਨੇਜਰ ਪ੍ਰਵੀਨ ਦੇ ਬਿਆਨਾਂ ਤਹਿਤ ਅਣਪਛਾਤਿਆਂ 'ਤੇ ਪਰਚਾ ਦਰਜ ਕਰ ਲਿਆ ਹੈ। ਇਸ ਐਫ.ਆਈ.ਆਰ ਵਿੱਚ ਹਰਿਆਣਾ ਦੇ ਭਿਵਾਨੀ ਦੇ ਰਹਿਣ ਵਾਲੇ ਮੈਨੇਜਰ ਪ੍ਰਵੀਨ ਨੇ ਦੱਸਿਆ ਕਿ ਲੁੱਟ ਸਬੰਧੀ ਖ਼ਬਰ ਦੀ ਜਾਣਕਾਰੀ ਉਸ ਨੂੰ ਸਵੇਰੇ 5 ਵਜੇ ਦੇ ਕਰੀਬ ਮਿਲੀ ਸੀ। ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਪੀੜਤਾਂ ਨੇ ਉਹਨਾਂ ਨੂੰ ਸਾਰੀ ਕਹਾਣੀ ਦੱਸੀ।
ਲੁਧਿਆਣਾ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਕਦੀ ਦੀ ਚੋਰੀ ਕੈਸ਼ ਵੈਨ 'ਚੋਂ ਨਹੀਂ ਦਫ਼ਤਰ ਅੰਦਰ ਰੱਖੇ ਪੈਸਿਆਂ ਵਿਚੋਂ ਕੀਤੀ ਗਈ। ਰਾਤ ਦੇ ਸਮੇਂ ਇਸ ਕੰਪਨੀ ਵਿੱਚ ਕੁੱਲ 4 ਮੁਲਾਜ਼ਮ ਸਨ, ਜਿਹਨਾਂ ਵਿਚੋਂ 2 ਸੁਰੱਖਿਆ ਕਰਮੀ ਅਤੇ 2 ਕੈਸ਼ ਦੀ ਗਿਣਤੀ ਕਰਨ ਵਾਲੇ ਸਨ। ਲੁਟੇਰਿਆਂ ਨੇ ਸਭ ਤੋਂ ਪਹਿਲਾਂ ਸਕਿਉਰਟੀ ਗਾਰਡਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਫਿਰ ਕੈਸ਼ ਰੂਮ ਤੱਕ ਪਹੁੰਚੇ ਤੇ ਜਾਂਦੇ-ਜਾਂਦੇ ਆਪਣੇ ਨਾਲ ਤਿੰਨ 12 ਬੋਰ ਦੀਆਂ ਬੰਦੂਕਾਂ ਵੀ ਲੈ ਕੇ ਗਏ ਜਿਹਨਾਂ ਨੂੰ ਰਿਕਵਰ ਕਰ ਲਿਆ ਗਿਆ।