Ludhiana News: ਜਗਰਾਓਂ ਸ਼ਹਿਰ ਵਿੱਚ ਇੱਕ ਮਹੀਨਾਂ ਪਹਿਲਾਂ ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸ ਦੇ ਦੋਸਤਾਂ ਨੇ ਚਿੱਟੇ ਦੇ ਤਸਕਰ ਨੂੰ ਘਰੋਂ ਅਗਵਾ ਕਰ ਲਿਆ,  ਫਿਰ ਉਹ ਸਾਰਾ ਦਿਨ ਉਸ ਨੂੰ ਕੁੱਟਦੇ ਰਹੇ ਤੇ ਦੇਰ ਸ਼ਾਮ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਉਸ ਦੇ ਮੁਹੱਲਾ ਨਿਊ ਮੁੰਕਦਪੁਰੀ ਸਥਿਤ ਘਰ ਦੇ ਬਾਹਰ ਸੁੱਟ ਦਿੱਤੀ ਅਤੇ ਫ਼ਰਾਰ ਹੋ ਗਏ। ਇਸ ਦੌਰਾਨ ਵਿਅਕਤੀ ਨੂੰ ਘਰੋਂ ਚੁੱਕ ਕੇ ਘਰ ਦੇ ਅੱਗੇ ਸੁੱਟਣ ਤੱਕ ਦੀ ਸਾਰੀ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾ ਦਿੱਤਾ ਹੈ।


ਮ੍ਰਿਤਕ ਦੀ ਪਛਾਣ 35 ਸਾਲਾ ਜਗਸੀਰ ਸਿੰਘ ਵਜੋਂ ਹੋਈ ਹੈ। ਮਾਮਲੇ ਨੂੰ ਗਰਮਾਉਂਦੇ ਹੋਏ ਪੁਲਿਸ ਨੇ ਦੇਰ ਰਾਤ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ 6 ਲੋਕਾਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਦੇਰ ਰਾਤ ਛਾਪੇਮਾਰੀ ਸ਼ੁਰੂ ਕਰ ਦਿੱਤੀ ਪਰ ਸਾਰੇ ਦੋਸ਼ੀ ਆਪਣੇ-ਆਪਣੇ ਘਰਾਂ ਤੋਂ ਫਰਾਰ ਹੋ ਗਏ ਸਨ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 20 ਸਾਲ ਪਹਿਲਾਂ ਜਗਸੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਨਿਊ ਮਾਣਕਪੁਰੀ ਨਾਲ ਹੋਇਆ ਸੀ। ਪੀੜਤ ਔਰਤ ਨੇ ਦੱਸਿਆ ਕਿ 31 ਮਾਰਚ ਤੋਂ ਪਹਿਲਾਂ ਉਸ ਦਾ ਪਤੀ ਜਗਸੀਰ ਸਿੰਘ ਨਾਜਾਇਜ਼ ਸ਼ਰਾਬ ਵੇਚਦਾ ਸੀ ਪਰ ਉਸ ਦੇ ਪਤੀ ਨੇ ਤਿੰਨ ਮਹੀਨਿਆਂ ਤੋਂ ਨਾਜਾਇਜ਼ ਸ਼ਰਾਬ ਦਾ ਧੰਦਾ ਬੰਦ ਕਰ ਦਿੱਤਾ ਸੀ।


ਕਤਲ ਤੋਂ ਬਾਅਦ ਘਰ ਦੇ ਬਾਹਰ ਸੁੱਟੀ ਲਾਸ਼


ਮਹਿਲਾ ਦੇ ਬਿਆਨਾਂ ਅਨੁਸਾਰ ਸੋਮਵਾਰ ਸਵੇਰੇ 11 ਵਜੇ ਕੁਝ ਲੋਕ ਉਸ ਦੇ ਪਤੀ ਨੂੰ ਘਰੋਂ ਅਗਵਾ ਕਰਕੇ ਬਾਈਕ 'ਤੇ ਬਿਠਾ ਕੇ ਆਪਣੇ ਨਾਲ ਲੈ ਗਏ। ਨੌਜਵਾਨਾਂ ਨੂੰ ਸ਼ੱਕ ਹੈ ਕਿ ਜਿਸ ਚਿੱਟੇ ਨੂੰ ਪੀਣ ਨਾਲ ਉਨ੍ਹਾਂ ਦੇ ਦੋਸਤ ਦੀ ਇਕ ਮਹੀਨਾ ਪਹਿਲਾਂ ਮੌਤ ਹੋ ਗਈ ਸੀ, ਉਸ ਨੂੰ ਵੀ ਉਸ ਦੇ ਪਤੀ ਜਗਸੀਰ ਸਿੰਘ ਨੇ ਵੇਚਿਆ ਸੀ ਜਿਸ ਕਾਰਨ ਉਹ ਆਪਣੇ ਦੋਸਤ ਦੀ ਮੌਤ ਲਈ ਜਗਸੀਰ ਸਿੰਘ ਨੂੰ ਜ਼ਿੰਮੇਵਾਰ ਮੰਨਦੇ ਸੀ। ਇਸ ਕਰਕੇ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।