Ludhiana News: ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਅਟਕਲਾਂ 'ਤੇ ਵਿਰਾਮ ਲੱਗ ਗਿਆ ਹੈ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਸਾਰੀਆਂ ਖ਼ਬਰਾਂ ਫਰਜ਼ੀ ਹਨ। ਉਨ੍ਹਾਂ ਵੱਲੋਂ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਮੈਂ ਆਪਣੇ ਖੇਤਰ 'ਚ ਕੰਮ ਕਰ ਰਿਹਾ ਹਾਂ। ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਫਰਜ਼ੀ ਤੇ ਬਕਵਾਸ ਹਨ। ਮੈਂ ਇਸ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ।


ਦੱਸ ਦਈਏ ਕਿ ਸੰਸਦ ਮੈਂਬਰ ਤਿਵਾੜੀ ਦੇ ਭਾਜਪਾ ਦੇ ਸੰਪਰਕ ਵਿੱਚ ਹੋਣ ਦੀ ਚਰਚਾ ਸੀ। ਮੀਡੀਆ ਵਿੱਚ ਦੋ ਦਿਨਾਂ ਤੋਂ ਪੰਜਾਬ ਵਿੱਚ ਚਰਚਾ ਸੀ ਕਿ ਮਨੀਸ਼ ਤਿਵਾੜੀ ਭਾਜਪਾ ਵਿੱਚ ਸ਼ਾਮਲ ਹੋਣਗੇ। ਤਿਵਾੜੀ ਲੁਧਿਆਣਾ ਲੋਕ ਸਭਾ ਤੋਂ ਭਾਜਪਾ ਦੇ ਚੋਣ ਨਿਸ਼ਾਨ 'ਤੇ ਚੋਣ ਲੜਨਾ ਚਾਹੁੰਦੇ ਹਨ। ਹਾਲਾਂਕਿ ਲੁਧਿਆਣਾ ਸੀਟ 'ਤੇ ਭਾਜਪਾ ਕੋਲ ਕਈ ਸਮਰੱਥ ਉਮੀਦਵਾਰ ਹਨ। ਲੁਧਿਆਣਾ ਸੀਟ ਦਾ ਮਾਮਲਾ ਅਜੇ ਪੈਂਡਿੰਗ ਸੀ ਪਰ ਮਨੀਸ਼ ਤਿਵਾੜੀ ਨੇ ਇਨ੍ਹਾਂ ਸਾਰੀਆਂ ਅਟਕਲਾਂ 'ਤੇ ਵਿਰਾਮ ਲਗਾ ਦਿੱਤਾ ਹੈ।


ਇਨ੍ਹਾਂ ਸਾਰੀਆਂ ਚਰਚਾਵਾਂ ਦਰਮਿਆਨ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ "ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਬੇਬੁਨਿਆਦ ਹਨ। ਉਹ ਆਪਣੇ ਹਲਕੇ ਵਿੱਚ ਹਨ ਤੇ ਆਪਣੇ ਇਲਾਕੇ ਦੇ ਵਿਕਾਸ ਕਾਰਜਾਂ ਦੀ ਦੇਖ-ਰੇਖ ਕਰ ਰਹੇ ਹਨ। ਸ਼ਨੀਵਾਰ ਨੂੰ ਉਹ ਆਪਣੇ ਘਰ ਹੀ ਰਹੇ।


ਕੌਣ ਹਨ ਮਨੀਸ਼ ਤਿਵਾੜੀ?


ਦੱਸ ਦੇਈਏ ਕਿ ਮਨੀਸ਼ ਤਿਵਾੜੀ ਸੰਸਦ ਮੈਂਬਰ ਹੋਣ ਤੋਂ ਇਲਾਵਾ ਪੇਸ਼ੇ ਤੋਂ ਵਕੀਲ ਹਨ। 17ਵੀਂ ਲੋਕ ਸਭਾ ਚੋਣਾਂ ਵਿੱਚ ਮਨੀਸ਼ ਤਿਵਾੜੀ ਨੇ ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਸੀ ਜਿਸ ਵਿੱਚ ਉਨ੍ਹਾਂ ਜਿੱਤ ਹਾਸਲ ਕੀਤੀ ਸੀ। ਮਨੀਸ਼ ਤਿਵਾੜੀ ਯੂਪੀਏ ਸਰਕਾਰ ਦੌਰਾਨ 2012 ਤੋਂ 2014 ਤੱਕ ਸੂਚਨਾ ਤੇ ਪ੍ਰਸਾਰਣ ਮੰਤਰੀ ਰਹੇ। ਇਸ ਤੋਂ ਪਹਿਲਾਂ ਉਹ 2009 ਤੋਂ 2014 ਤੱਕ ਲੁਧਿਆਣਾ ਸੀਟ ਤੋਂ ਸੰਸਦ ਮੈਂਬਰ ਰਹੇ। ਉਹ ਯੂਪੀਏ ਸਰਕਾਰ ਦੌਰਾਨ ਕਾਂਗਰਸ ਪਾਰਟੀ ਦੇ ਬੁਲਾਰੇ ਵੀ ਸਨ।


ਇਹ ਵੀ ਪੜ੍ਹੋ: Amritsar News: ‘ਆਪ’ ਸਰਕਾਰ ਆਉਣ ’ਤੇ ਸਾਰੀਆਂ ਫ਼ਸਲਾਂ ਐਮਐਸਪੀ ’ਤੇ ਖਰੀਦਣ ਦਾ ਵਾਅਦਾ ਕਰਨ ਵਾਲੇ ਹੁਣ ਕਿੱਥੇ? ਹਰਸਿਮਰਤ ਬਾਦਲ ਦਾ ਸਵਾਲ


ਮਨੀਸ਼ ਤਿਵਾੜੀ 1988 ਤੋਂ 1993 ਤੱਕ ਇੰਡੀਅਨ ਨੈਸ਼ਨਲ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਹੇ। ਇਸ ਤੋਂ ਬਾਅਦ ਉਹ 1998 ਤੋਂ 2000 ਦਰਮਿਆਨ ਭਾਰਤੀ ਯੂਥ ਕਾਂਗਰਸ (ਆਈ) ਦੇ ਪ੍ਰਧਾਨ ਰਹੇ। 2004 ਵਿਚ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਮਨੀਸ਼ ਤਿਵਾੜੀ 2009 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾ ਕੇ ਸੰਸਦ ਮੈਂਬਰ ਬਣੇ ਸਨ। 2014 ਵਿੱਚ ਉਨ੍ਹਾਂ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ।


ਇਹ ਵੀ ਪੜ੍ਹੋ: Punjab News: ਬੀਜੇਪੀ ਪ੍ਰਧਾਨ ਜਾਖੜ ਨੇ ਕਿਸਾਨਾਂ ਨੂੰ ਕੀਤਾ ਖ਼ਬਰਦਾਰ! ਤੁਹਾਨੂੰ ਵਰਤ ਕੇ ਕੋਈ ਨੁਕਸਾਨ ਨਾ ਕਰਵਾ ਜਾਏ...