ਪਾਇਲ: ਵਿਧਾਨ ਸਭਾ ਹਲਕਾ ਪਾਇਲ ਦੇ ਪਿੰਡਾਂ ,ਸ਼ਹਿਰਾਂ ਤੇ ਕਸਬਿਆਂ ਅੰਦਰ ਸਾਬਕਾ ਕਾਂਗਰਸੀ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ ਸ਼ਰਾਰਤੀ ਅਨਸਰਾਂ ਵੱਲੋਂ ਇਕ ਤੋਂ ਬਾਅਦ ਇਕ ਕਰਕੇ ਤੋੜੇ ਅਤੇ ਗਾਇਬ ਕੀਤੇ ਜਾ ਰਹੇ ਹਨ। ਹੁਣ ਤੱਕ ਹਲਕਾ ਪਾਇਲ ਅੰਦਰ ਅੱਧੀ ਦਰਜਨ ਤੋਂ ਵਧੇਰੇ ਨੀਂਹ ਪੱਥਰ ਤੋੜੇ ਅਤੇ ਗਾਇਬ ਕੀਤੇ ਜਾ ਚੁਕੇ ਹਨ, ਜਿਸ ਕਾਰਨ ਹਲਕਾ ਪਾਇਲ ਦੀ ਸਿਆਸਤ ਪੂਰੀ ਤਰਾਂ ਗਰਮਾ ਗਈ ਹੈ ਅਤੇ ਪਿੰਡਾਂ ਦੇ ਲੋਕ ਵੀ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਦੀ ਵਿਰੋਧਤਾ ਕਰ ਰਹੇ ਹਨ।
ਇਸੇ ਤਰਾਂ ਇਲਾਕੇ ਦੇ ਦੋ ਜ਼ਿਲ੍ਹਿਆਂ ਦੇ 3 ਦਰਜਨ ਦੇ ਲੱਗਭਗ ਪਿੰਡਾਂ ਨੂੰ ਪਾਇਲ -ਦੋਰਾਹਾ-ਲੁਧਿਆਣਾ ਨਾਲ ਜੋੜਦੇ ਜਰਗੜੀ ਸਾਈਫਨ ਦੇ ਪੁਲ ਦਾ ਨੀਂਹ ਪੱਥਰ ਵੀ ਸ਼ਰਾਰਤੀ ਅਨਸਰਾਂ ਵੱਲੋਂ ਤੋੜ ਦਿੱਤਾ ਗਿਆ ਹੈ। ਅੱਜ ਕਾਂਗਰਸ ਦੇ ਜਿਲਾ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਉਕਤ ਸਥਾਨ ਤੇ ਪਹੁੰਚਕੇ ਜਰਗੜੀ ਸਾਈਫਨ ਦੇ ਟੁੱਟੇ ਨੀਂਹ ਪੱਥਰ ਦਾ ਜਾਇਜਾ ਲਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਆਖਿਆ ਕਿ ਸਾਰੇ ਇਲਾਕਾ ਨਿਵਾਸੀਆਂ ਦੀ ਚਿਰਾਂ ਤੋਂ ਲਟਕਦੀ ਵੱਡੀ ਮੰਗ ਦੇ ਮੱਦੇਨਜ਼ਰ ਜੂਨ 2021 'ਚ 28 ਲੱਖ 71 ਹਜਾਰ ਰੁਪਏ ਦੀ ਲਾਗਤ ਨਾਲ ਬਣੇ ਇਸ ਪੁਲ ਦਾ ਉਦਘਾਟਨ ਕੀਤਾ ਗਿਆ ਸੀ, ਪਰ ਪਤਾ ਨਹੀਂ ਕਿਉਂ ਅਜਿਹੀਆਂ ਘਿਨੌਣੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਮੈਂ ਬੀਤੇ ਦਿਨੀਂ ਵੀ ਹਲਕੇ 'ਚ ਕਈ ਟੁੱਟੇ ਨੀਂਹ ਪੱਥਰ ਦੇਖਕੇ ਆਇਆ। ਸ਼ਰਾਰਤੀ ਅਨਸਰਾਂ ਵੱਲੋਂ ਪਾਇਲ, ਘਲੋਟੀ , ਬੇਰਕਲਾਂ, ਪੱਲ੍ਹਾ ਅਲੂਣਾ, ਘੁਡਾਣੀ ਖੁਰਦ, ਬੁਟਾਹਰੀ, ਭਾਡੇਵਾਲ ਤੇ ਜਰਗੜੀ ਆਦਿ ਅੱਧੀ ਦਰਜਨ ਤੋਂ ਵੱਧ ਥਾਵਾਂ ਤੇ ਰੱਖੇ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਤੋੜੇ ਗਏ ਹਨ ਤੇ ਕਈ ਗਾਇਬ ਕਰ ਦਿੱਤੇ ਗਏ ਹਨ।
ਉਹਨਾਂ ਆਖਿਆ ਕਿ ਮੈਂ ਪੁਲਿਸ ਪ੍ਰਸ਼ਾਸਨ , ਸਬ ਡਵੀਜਨ ਮੈਜਿਸਟਰੇਟ ਤੋਂ ਮੰਗ ਕਰਦਾ ਹਾਂ ਕਿ ਆਪਣੀ ਇੰਟੈਲੀਜੈਂਸ ਤੇ ਸੀਆਈਡੀ ਰਾਹੀਂ ਇਸਦਾ ਪਤਾ ਲਗਾਇਆ ਜਾਵੇ ਕਿ ਇਸਦਾ ਕੀ ਮਕਸਦ ਹੈ? ਇਹ ਕੌਣ ਕਰ ਰਿਹਾ? ਤੇ ਕੌਣ ਕਰਵਾ ਰਿਹਾ ?, ਕਿਉਂਕਿ ਲੋਕਾਂ ਨੂੰ ਕੀਤੇ ਕੰਮ ਦਿਸ ਰਹੇ ਹਨ ਅਤੇ ਉਹ ਇਹ ਖੁਰਾ ਖੋਜ ਮਿਟਾਉਣਾ ਚਾਹੁੰਦੇ ਹਨ , ਕਿ ਇਸਦਾ ਕੰਮ ਕਿਸ ਸਰਕਾਰ ਚ ਹੋਇਆ ਤੇ ਕਿਸ ਨੁਮਾਇੰਦੇ ਨੇ ਕਰਵਾਇਆ ਸੀ ,ਪਰ ਉਹ ਇਹ ਕੋਝੀਆਂ ਹਰਕਤਾਂ ਨਾਲ ਕਾਂਗਰਸ ਪਾਰਟੀ ਦੇ ਵਰਕਰਾ, ਲੀਡਰਾਂ ਤੇ ਕਾਂਗਰਸੀ ਸਰਕਾਰ ਸਮੇ ਹੋਏ ਕੰਮਾਂ ਦਾ ਨਾਮੋ ਨਿਸ਼ਾਨ ਨਹੀਂ ਮਿਟਾ ਸਕਦੇ ਅਤੇ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਪਿਛਲੇ ਸਮੇ ਚ ਹੋਏ ਇਤਿਹਾਸਿਕ ਵਿਕਾਸ ਕਾਰਜ ਹਜ਼ਮ ਨਹੀਂ ਹੋ ਰਹੇ ਅਤੇ ਉਹ ਜਾਣ ਬੁਝਕੇ ਅਜਿਹਾ ਕਰ ਰਹੇ ਹਨ।