Punjab News : ਨੌਜੁਆਨਾਂ ਨੂੰ ਖੇਡਾਂ ਦੇ ਖੇਤਰ ਨਾਲ ਜੋੜਨ ਲਈ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਖੇਡ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਅੱਜ ਵਿਧਾਇਕਾ ਵੱਲੋਂ ਪਿੰਡ ਚੀਮਿਆਂ ਦੀ ਸ਼ਹੀਦ ਭਗਤ ਸਿੰਘ ਕ੍ਰਿਕਟ ਕਲੱਬ ਦੀ ਟੀਮ ਨੂੰ ਖੇਡ ਕਿੱਟ ਦੇ ਕੇ ਸਨਮਾਨ ਨਾਲ ਨਿਵਾਜ਼ਿਆ ਗਿਆ। ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਖੇਡਾਂ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਖੇਡਾਂ ਸਾਨੂੰ ਸਮਾਜਿਕ ਜੀਵਨ ਦੀ ਜਾਂਚ ਵੀ ਸਿਖਾਉਂਦੀਆਂ ਹਨ।
ਖੇਡਾਂ ਸਾਡੇ ਸਰੀਰ ਦੇ ਨਾਲ ਨਾਲ ਬੌਧਿਕ ਵਿਕਾਸ ਵੀ ਕਰਦੀਆਂ ਹਨ। ਇਸ ਲਈ ਨੌਜੁਆਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਾਰੇ ਸਾਥੀਆਂ ਨੂੰ ਖੇਡ ਮੈਦਾਨਾਂ ਵਿੱਚ ਉਤਾਰਨ ਅਤੇ ਖੇਡਾਂ ਨਾਲ ਪਿਆਰ ਕਰਨ ਅਤੇ ਖੇਡਾਂ ਨੂੰ ਖੇਡ ਦੀ ਭਾਵਨਾਂ ਨਾਲ ਖੇਡਦੇ ਹੋਏ ਸਮਾਜਿੱਕ ਖੁਸ਼ਹਾਲੀ ਵਿੱਚ ਵੀ ਵਾਧਾ ਕਰਨ। ਇਸ ਨਾਲ ਜਿੱਥੇ ਨੌਜੁਆਨ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਤੋਂ ਆਪਣਾ ਮੂੰਹ ਮੋੜ ਲੈਣਗੇ, ਉਥੇ ਹੀ ਸਮਾਜਿੱਕ ਕੁਰੀਤੀਆਂ ਅਤੇ ਭੈੜੀਆਂ ਸੰਗਤਾਂ ਤੋਂ ਵੀ ਨੌਜੁਆਨਾਂ ਨੂੰ ਬਚਾਇਆ ਜਾ ਸਕੇਗਾ।
ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਪੰਜਾਬ ਸਰਕਾਰ ਨੌਜੁਆਨਾਂ ਦੀ ਬਿਹਤਰੀ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨ ਦੇ ਨਾਲ ਨਾਲ ਨੌਕਰੀਆਂ ਦੇ ਉਪਰਾਲੇ ਕਰਨ ਲਈ ਵੀ ਬਚਨਵੱਧ ਹੈ। ਉਹਨਾਂ ਆਖਿਆ ਕਿ ਉਹ ਹਲਕੇ ਦੇ ਖਿਡਾਰੀਆਂ ਲਈ ਪੰਜਾਬ ਸਰਕਾਰ ਪਾਸੋਂ ਖੇਡ ਕਿੱਟਾਂ ਤੋਂ ਇਲਾਵਾ ਨਰੋਈ ਸਿਹਤ ਲਈ ਸਾਜ਼ੋ-ਸਮਾਨ ਆਦਿ ਦਾ ਵੀ ਪ੍ਰਬੰਧ ਕਰਵਾਉਣਗੇ। ਕ੍ਰਿਕਟ ਟੀਮ ਨੂੰ ਖੇਡ ਕਿੱਟ ਪ੍ਰਦਾਨ ਕਰਨ ਲਈ ਸ਼ਹੀਦ ਭਗਤ ਸਿੰਘ ਯਾਦਗਾਰੀ ਵੈਲਫ਼ੇਅਰ ਅਤੇ ਸਪੋਰਟਸ ਕਲੱਬ ਚੀਮਾਂ ਦੇ ਅਹੁਦੇਦਾਰਾਂ ਵੱਲੋਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਦੇ ਆਗੂ ਪਰਮਜੀਤ ਸਿੰਘ ਚੀਮਾਂ, ਐਡਵੋਕੇਟ ਕਰਮ ਸਿੰਘ ਸਿੱਧੂ, ਨੰਬਰਦਾਰ ਹਰਦੀਪ ਸਿੰਘ ਸਿੱਧੂ, ਮਿੰਟੂ ਮਾਣੂੰਕੇ, ਪੰਮਾਂ ਮਾਣੂੰਕੇ, ਮਨਦੀਪ ਸਿੰਘ ਪੋਨਾਂ, ਕੁਲਵੰਤ ਸਿੰਘ ਪੋਨਾਂ, ਕਰਮਾਂ ਮਾਣੂੰਕੇ, ਬੂਟਾ ਸਿੰਘ ਜੱਟਪੁਰਾ, ਸੁਖਵਿੰਦਰ ਸਿੰਘ ਚੀਮਾਂ, ਰਮਨਜੋਤ ਸਿੰਘ, ਜਗਦੇਵ ਸਿੰਘ ਸਿੱਧੂ, ਰੂਬਲਪ੍ਰੀਤ ਸਿੰਘ, ਹਰਮਨਜੋਤ ਸਿੰਘ, ਰਣਬੀਰ ਸਿੰਘ, ਪਰਦੀਪ ਸਿੰਘ ਸਿੱਧੂ, ਗੁਰਪ੍ਰੀਤ ਸਿੰਘ, ਜਸਕਰਨ ਸਿੰਘ, ਜਸਵੀਰ ਸਿੰਘ ਆਦਿ ਵੀ ਹਾਜ਼ਰ ਸਨ।