Ludhiana News: ਪੰਜਾਬ ਵਿੱਚ ਇੱਕ ਪਾਸੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਤਾਂ ਦੂਜੇ ਪਾਸੇ ਕਿਸਾਨਾਂ ਨੂੰ ਯੂਰੀਆ ਦੀ ਘਾਟ ਰੜਕ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਜਾਣਬੁੱਝ ਕੇ ਯੂਰੀਆ ਦੀ ਕਿੱਲਤ ਪੈਦਾ ਕਰਕੇ ਮਹਿੰਗੇ ਭਾਅ ’ਤੇ ਖ਼ਰੀਦਣ ਜਾਂ ਫਿਰ ਯੂਰੀਆ ਨਾਲ ਹੋਰ ਕੀਟਨਾਸ਼ਕ ਆਦਿ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। 


ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਤੇ ਬਲਾਕ ਪ੍ਰਧਾਨ ਹਰਚੰਦ ਸਿੰਘ ਢੋਲਣ ਨੇ ਦੱਸਿਆ ਕਿ ਪਿਛਲੇ ਇਕ ਹਫ਼ਤੇ ਤੋਂ ਹੜ੍ਹਾਂ ਨੇ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਅੰਦਰ ਬਹੁਤ ਤਬਾਹੀ ਮਚਾਈ ਹੈ। ਕਿਸਾਨਾਂ ਦੀਆਂ ਫ਼ਸਲਾਂ ਪਾਣੀ ਵਿੱਚ ਡੁੱਬ ਕੇ ਮਰ ਗਈਆਂ ਹਨ। 


ਕਿਸਾਨ ਜਥੇਬੰਦੀ ਤੇ ਸਮਾਜ ਸੇਵੀ ਸੰਸਥਾਵਾਂ ਨੇ ਰਾਸ਼ਨ, ਹਰਾ ਚਾਰਾ, ਤੂੜੀ, ਝੋਨੇ ਦੀ ਪਨੀਰੀ ਤੇ ਗੁਰੂ ਕੇ ਲੰਗਰ ਦੀ ਸੇਵਾ ਸੰਭਾਲ ਲਈ ਹੈ ਪਰ ਕੇਂਦਰ ਅਤੇ ਪੰਜਾਬ ਸਰਕਾਰ ਨੇ ਸੂਬੇ ਵਿੱਚ ਯੂਰੀਆ ਖਾਦ ਦੀ ਘਾਟ ਖੜ੍ਹੀ ਕਰ ਕੇ ਕਿਸਾਨਾਂ ਦੇ ਜ਼ਖਮਾਂ ’ਤੇ ਲੂਣ ਛਿੜਕਿਆ ਹੈ। ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਯੂਰੀਆ ਖਾਦ ਦੀ ਵਰਤੋਂ ਨੂੰ ਕਿਸਾਨਾਂ ਦੀਆਂ ਫ਼ਸਲਾਂ ਤੱਕ ਸੀਮਤ ਕੀਤਾ ਜਾਵੇ। ਜੇ ਇਹ ਕਿੱਲਤ ਦੂਰ ਨਾ ਕੀਤੀ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ।


ਐਸਡੀਓ ਤੇ ਕਿਸਾਨ ਆਗੂਆਂ ਵਿਚਾਲੇ ਤਲਖ਼ੀ
ਪਾਇਲ: ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਤੇ ਜ਼ਿਲ੍ਹਾ ਜਨਰਲ ਸਕੱਤਰ ਪਰਗਟ ਸਿੰਘ ਕੋਟ ਪਨੈਚ ਨੇ ਦੱਸਿਆ ਕਿ ਜਥੇਬੰਦੀ ਦੇ ਅਹੁਦੇਦਾਰ ਇੱਕ ਟਰਾਂਸਫ਼ਾਰਮਰ ਸਬੰਧੀ ਐਸਡੀਓ ਚਾਵਾ ਨਵਦੀਪ ਸਿੰਘ ਕੋਲ ਗਏ ਸਨ ਤਾਂ ਐਸਡੀਓ ਜਥੇਬੰਦੀ ਦੇ ਆਗੂਆਂ ਨੂੰ ਕਥਿਤ ਗ਼ਲਤ ਬੋਲਿਆ ਤੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ। 


ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਐਸਡੀਓ ਨੇ ਕਿਹਾ ਕਿ ਟਰਾਂਸਫ਼ਾਰਮਰ ਰੱਖਣ ਨੂੰ ਤਾਂ ਪੰਜ ਸਾਲ ਵੀ ਲੱਗ ਸਕਦੇ ਹਨ, ਜਥੇਬੰਦੀ ਦੇ ਆਗੂ ਜੋ ਕਰਨਾ ਹੈ, ਕਰ ਲੈਣ। ਇਹ ਕਹਿਣ ’ਤੇ ਕਿਸਾਨ ਗ਼ੁੱਸੇ ਵਿੱਚ ਆ ਗਏ। ਉਨ੍ਹਾਂ ਨੇ ਹੋਰ ਕਿਸਾਨ ਬੁਲਾ ਕੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਦੱਸਿਆ ਕਿ ਇਸ ਉਪਰੰਤ ਐੱਸਡੀਓ ਨੇ ਕਿਸਾਨਾਂ ਵਿੱਚ ਆ ਕੇ ਗ਼ਲਤੀ ਮੰਨੀ ਤੇ ਅੱਗੇ ਤੋਂ ਕਿਸੇ ਨਾਲ ਵੀ ਗ਼ਲਤ ਵਿਹਾਰ ਕਰਨ ਤੋਂ ਤੋਬਾ ਕੀਤੀ। ਉਨ੍ਹਾਂ ਨੇ ਟਰਾਂਸਫਾਰਮਰ ਵੀ ਛੇਤੀ ਤੋਂ ਛੇਤੀ ਰੱਖਣ ਬਾਰੇ ਕਿਹਾ। ਇਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਚੁੱਕਿਆ।