Ludhiana News: ਲੁਧਿਆਣਾ ਦੇ ਡੇਹਲੋਂ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਪਿੰਡ ਪੱਦੀ ਵਿੱਚ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਪਿੰਡ ਦੇ ਬਾਹਰਵਾਰ ਸਥਿਤ ਬਹਾਰਲਾ ਗੁਰਦੁਆਰਾ ਸਾਹਿਬ ਵਿਖੇ ਮੀਰੀ-ਪੀਰੀ ਦਿਵਸ ਦੇ ਸਮਾਗਮ ਦੌਰਾਨ ਦੋ ਨਿਹੰਗ ਸਿੰਘਾਂ ਵਿਚਕਾਰ ਹੋਏ ਝਗੜੇ ਨੇ ਖੂਨੀ ਰੂਪ ਲੈ ਲਿਆ। ਇੱਕ ਨਿਹੰਗ ਸਿੰਘ ਨੇ ਦੂਜੇ ਦੀ ਗਰਦਨ 'ਤੇ ਕਿਰਪਾਨ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੋਨੂੰ ਵਜੋਂ ਹੋਈ ਹੈ, ਜਦੋਂ ਕਿ ਦੋਸ਼ੀ ਦੀ ਪਛਾਣ ਸੋਹਣ ਸਿੰਘ ਵਜੋਂ ਹੋਈ ਹੈ, ਜੋ ਕਿ ਫਤਿਹਾਬਾਦ ਹਰਿਆਣਾ ਦਾ ਰਹਿਣ ਵਾਲਾ ਹੈ।

Continues below advertisement

ਗ੍ਰੰਥੀ ਸਿੰਘ ਨੇ ਦੱਸਿਆ ਅੱਖੀਂ ਦੇਖਿਆ ਹਾਲ

Continues below advertisement

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਸਵੀਰ ਨੇ ਦੱਸਿਆ ਕਿ 26 ਜੁਲਾਈ ਨੂੰ ਮੀਰੀ-ਪੀਰੀ ਦਿਵਸ ਦੇ ਮੌਕੇ 'ਤੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਸੀ। ਪਿੰਡ ਅਤੇ ਬਾਹਰੋਂ ਵੱਡੀ ਗਿਣਤੀ ਵਿੱਚ ਸੰਗਤਾਂ ਇਕੱਠ ਵਿੱਚ ਸ਼ਾਮਲ ਹੋਈਆਂ, ਅਤੇ ਦਲ ਸੰਪਰਦਾ ਦੇ ਨਿਹੰਗ ਸਿੰਘ ਵੀ ਮੌਜੂਦ ਸਨ।

ਗ੍ਰੰਥੀ ਜਸਵੀਰ ਸਿੰਘ ਦੇ ਅਨੁਸਾਰ, ਉਹ ਐਤਵਾਰ ਰਾਤ ਨੂੰ ਲਗਭਗ 9 ਵਜੇ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸੀ। ਤਾਂ ਉਦੋਂ ਦਲ ਪੰਥ ਨਾਲ ਸਬੰਧਤ ਇੱਕ ਨਿਹੰਗ ਸਿੰਘ, ਜਿਸਦੀ ਪਛਾਣ ਸੋਨੂੰ ਵਜੋਂ ਹੋਈ ਹੈ, ਉਹ ਗਾਲਾਂ ਕੱਢਦਾ ਹੋਇਆ ਲੰਗਰ ਹਾਲ ਵੱਲ ਜਾ ਰਿਹਾ ਸੀ। ਹੰਗਾਮਾ ਸੁਣ ਕੇ, ਗ੍ਰੰਥੀ ਸਿੰਘ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਗੁੱਸੇ ਵਿੱਚ ਆ ਕੇ ਇੱਕ ਹੋਰ ਨਿਹੰਗ ਸਿੰਘ ਨੇ ਸੋਨੂੰ ਦੀ ਧੌਣ 'ਤੇ ਆਪਣੀ ਕਿਰਪਾਨ ਨਾਲ ਵਾਰ ਕਰ ਦਿੱਤਾ।

ਸੋਨੂੰ ਦੀ ਗਰਦਨ 'ਤੇ ਕਿਰਪਾਨ ਦੇ ਵਾਰ ਨਾਲ ਡੂੰਘਾ ਜ਼ਖ਼ਮ ਹੋ ਗਿਆ, ਜਿਸ ਕਰਕੇ ਉਹ ਖੂਨ ਨਾਲ ਲਥਪਥ ਹੋ ਗਿਆ। ਉਸਨੂੰ ਤੁਰੰਤ ਇਲਾਜ ਲਈ ਦੋਰਾਹਾ ਦੇ ਸਿੱਧੂ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਜਦੋਂ ਤੱਕ ਉਸਨੂੰ ਪਹੁੰਚਾਇਆ ਗਿਆ, ਉਸਦਾ ਕਾਫ਼ੀ ਖੂਨ ਵਹਿ ਚੁੱਕਿਆ ਸੀ। ਹਸਪਤਾਲ ਦੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਸੋਨੂੰ ਨੂੰ ਮ੍ਰਿਤਕ ਐਲਾਨ ਦਿੱਤਾ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਡੇਹਲੋਂ ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ 'ਤੇ ਪਹੁੰਚੀ। ਗ੍ਰੰਥੀ ਜਸਵੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਦੋਸ਼ੀ ਸੋਹਣ ਸਿੰਘ, ਜੋ ਕਿ ਰਤੀਆ, ਫਤਿਹਾਬਾਦ, ਹਰਿਆਣਾ ਦੇ ਨੇੜੇ ਪੁਰਾਣੀ ਗਊਸ਼ਾਲਾ ਦਾ ਰਹਿਣ ਵਾਲਾ ਹੈ, ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ ਭਾਰਤੀ ਦੰਡ ਸੰਹਿਤਾ (IPC) ਦੀ ਧਾਰਾ 103 (ਕਤਲ) ਦੇ ਤਹਿਤ ਦਰਜ ਕੀਤਾ ਗਿਆ ਹੈ।

ਅੱਗੇ ਦੀ ਜਾਂਚ ਇੰਸਪੈਕਟਰ ਵਿਜੇ ਕੁਮਾਰ ਨੂੰ ਸੌਂਪੀ ਗਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਦੀ ਭਾਲ ਕਰ ਰਹੀ ਹੈ।