Ludhiana News: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚਾਰ ਸਿਖਲਾਈ ਪ੍ਰਾਪਤ ਮਹਿਲਾਵਾਂ ਨੂੰ ਡਰੋਨ ਸਪੁਰਦ ਕੀਤੇ ਗਏ ਜਿਨ੍ਹਾਂ ਵਿੱਚ ਮਨਦੀਪ ਕੌਰ, ਸਿਮਰਨਜੀਤ ਕੌਰ, ਰੁਪਿੰਦਰ ਕੌਰ ਅਤੇ ਗੁਰਿੰਦਰ ਕੌਰ ਸ਼ਾਮਲ ਹਨ।


ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਔਰਤਾਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਸਾਹਨੀ ਨੇ ਦੱਸਿਆ ਕਿ ਇਨ੍ਹਾਂ ਮਹਿਲਾਵਾਂ ਨੇ ਇਫਕੋ ਦੁਆਰਾ ਕਰਵਾਏ ਗਏ ਇੱਕ ਵਿਆਪਕ ਸਿਖਲਾਈ ਪ੍ਰੋਗਰਾਮ ਵਿੱਚੋਂ ਟ੍ਰੇਨਿੰਗ ਹਾਸਲ ਕੀਤੀ ਹੈ। ਉਨ੍ਹਾ ਇਹ ਵੀ ਦੱਸਿਆ ਕਿ ਹਰੇਕ ਡਰੋਨ ਸਿਸਟਮ ਵਿੱਚ ਇੱਕ ਇਲੈਕਟ੍ਰੀਕਲ ਵਾਹਨ ਅਤੇ ਜਨਰੇਟਰ ਹੁੰਦਾ ਹੈ ਜਿਸਦੀ ਕੀਮਤ 15 ਲੱਖ ਰੁਪਏ ਹੈ ਅਤੇ ਇਹ ਉਹਨਾਂ ਨੂੰ ਮੁਫਤ ਦਿੱਤੇ ਗਏ ਹਨ। 


ਇਸ ਪ੍ਰੋਜੈਕਟ ਦਾ ਉਦੇਸ਼ ਉਹਨਾਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣਾ ਅਤੇ ਨਵੀਨਤਮ ਖੇਤੀਬਾੜੀ ਯਤਨਾਂ ਵਿੱਚ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਆਰਥਿਕ ਪੱਖੋ ਪੈਰਾਂ ਸਿਰ ਔਰਤਾਂ ਸੂਬੇ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਗੀਆਂ।


ਇਫਕੋ ਦੇ ਸਟੇਟ ਹੈੱਡ ਹਰਮੇਲ ਸਿੰਘ ਸਿੱਧੂ ਨੇ ਕਿਹਾ ਕਿ 'ਨਮੋ ਡਰੋਨ ਦੀਦੀਜ' ਵਜੋਂ ਜਾਣੀਆਂ ਜਾਂਦੀਆਂ ਇਹ ਹੁਨਰਮੰਦ ਮਹਿਲਾ ਪਾਇਲਟ ਡਰੋਨਾਂ ਨਾਲ ਨੈਨੋ ਯੂਰੀਆ ਅਤੇ ਨੈਨੋ ਡੀ.ਏ.ਪੀ. ਦੀ ਵਰਤੋਂ ਕਰਕੇ ਉੱਚ ਉਤਪਾਦਕਤਾ ਪ੍ਰਾਪਤ ਕਰਨ, ਫਸਲਾਂ ਦੀ ਸਿਹਤ ਨੂੰ ਵਧਾਉਣ ਅਤੇ ਵਾਤਾਵਰਣ 'ਤੇ ਮਾੜੇ ਪ੍ਰਭਾਵ ਨੂੰ ਘਟਾਉਣ ਵਿੱਚ ਸਹਿਯੋਗ ਕਰਨਗੀਆਂ।


ਉਨ੍ਹਾਂ ਦੱਸਿਆ ਕਿ ਡਰੋਨ ਨਾਲ ਇੱਕ ਏਕੜ ਰਕਬੇ ਵਿੱਚ ਸੱਤ ਮਿੰਟਾਂ ਵਿੱਚ ਸਪਰੇਅ ਕੀਤੀ ਜਾ ਸਕਦੀ ਹੈ। ਇਹ ਪਹਿਲ ਪੰਜਾਬ ਵਿੱਚ ਸਮਾਜਿਕ ਅਤੇ ਪਰਿਵਰਤਨਸ਼ੀਲ ਪੇਂਡੂ ਆਰਥਿਕ ਸਸ਼ਕਤੀਕਰਨ ਪ੍ਰੋਗਰਾਮ (STREE) ਪ੍ਰੋਜੈਕਟ, ਐਚ.ਡੀ.ਐਫ.ਸੀ. ਬੈਂਕ ਪਰਿਵਰਤਨ ਅਤੇ ਜੀ.ਟੀ. ਭਾਰਤ ਦੇ ਸਹਿਯੋਗ ਨਾਲ ਇਫਕੋ ਦਾ ਹਿੱਸਾ ਹੈ, ਜਿਸਦਾ ਉਦੇਸ਼ ਖੇਤੀਬਾੜੀ ਅਭਿਆਸਾਂ ਵਿੱਚ ਕ੍ਰਾਂਤੀ ਲਿਆਉਣਾ ਅਤੇ ਖੇਤੀਬਾੜੀ ਵਿੱਚ ਔਰਤਾਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਹੈ।


ਸਟੇਟ ਹੈਡ ਹਰਮੇਲ ਸਿੰਘ ਨੇ ਅੱਗੇ ਕਿਹਾ ਕਿ ਇਹਨਾਂ ਲਾਭਪਾਤਰੀਆਂ ਨੇ ਮਾਨੇਸਰ ਵਿੱਚ ਇਫਕੋ ਦੁਆਰਾ ਕਰਵਾਏ ਗਏ ਇੱਕ ਵਿਆਪਕ ਸਿਖਲਾਈ ਪ੍ਰੋਗਰਾਮ ਵਿੱਚੋਂ ਲੰਘਦਿਆਂ, ਡਰੋਨ ਤਕਨਾਲੋਜੀ ਦੇ ਨਿਪੁੰਨ ਪ੍ਰਬੰਧਨ ਅਤੇ ਸੰਚਾਲਨ ਤਕਨੀਕਾਂ 'ਤੇ ਧਿਆਨ ਕੇਂਦਰਿਤ ਕਰਦਿਆਂ, ਪਿੰਡ ਬੜੂੰਦੀ ਵਿੱਚ ਦੋ ਦਿਨਾਂ ਦੀ ਆਨ-ਫਾਰਮ ਸਿਖਲਾਈ ਵੀ ਪ੍ਰਾਪਤ ਕੀਤੀ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :