Ludhiana News: ਲੁਧਿਆਣਾ ਜ਼ਿਲੇ ਦੇ ਖੰਨਾ 'ਚ ਮਾਛੀਵਾੜਾ ਸਾਹਿਬ ਵਿਖੇ ਬੁੱਢਾ ਦਰਿਆ 'ਚ ਰੁੜ੍ਹੇ ਬੱਚੇ ਦੀ ਤੀਜੇ ਦਿਨ ਲਾਸ਼ ਬਰਾਮਦ ਹੋਈ ਹੈ। ਲਾਸ਼ ਉਸ ਥਾਂ ਤੋਂ ਕਰੀਬ 1.25 ਕਿਲੋਮੀਟਰ ਦੀ ਦੂਰੀ 'ਤੇ ਮਿਲੀ, ਜਿੱਥੇ ਲੜਕਾ ਡੁੱਬਿਆ ਸੀ। ਘਟਨਾ ਕਾਰਨ ਪਿੰਡ ਚੱਕੀ ਦੇ ਰਹਿਣ ਵਾਲੇ ਬਜ਼ੁਰਗ ਜੋੜੇ ’ਤੇ ਦੁੱਖ ਦਾ ਪਹਾੜ ਟੁੱਟ ਗਿਆ ਕਿਉਂਕਿ ਮ੍ਰਿਤਕ ਸੁਖਪ੍ਰੀਤ ਸਿੰਘ (16) ਬੁਢਾਪੇ ਵਿੱਚ ਆਪਣੇ ਦਾਦਾ-ਦਾਦੀ ਦਾ ਇੱਕੋ-ਇੱਕ ਸਹਾਰਾ ਸੀ।
ਪਾਣੀ ਦੇਖਣ ਗਿਆ ਸੁਖਪ੍ਰੀਤ
ਸੁਖਪ੍ਰੀਤ ਸਿੰਘ ਦੇ ਪਿਤਾ ਦੀ ਕਰੀਬ 5 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਮਾਂ ਆਪਣੀ ਇੱਕ ਧੀ ਨਾਲ ਪਰਿਵਾਰ ਤੋਂ ਵੱਖ ਰਹਿਣ ਲੱਗੀ। ਸੁਖਪ੍ਰੀਤ ਦੀ ਇੱਕ ਭੈਣ ਉਸ ਦੇ ਨਾਲ ਰਹਿੰਦੀ ਸੀ। ਸੁਖਪ੍ਰੀਤ 9ਵੀਂ ਜਮਾਤ ਵਿੱਚ ਪੜ੍ਹਦਾ ਸੀ। ਦੁਕਾਨ 'ਤੇ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਆਪਣੇ ਪੋਤੇ ਦੀ ਮ੍ਰਿਤਕ ਦੇਹ ਨੂੰ ਲੈਣ ਸਿਵਲ ਹਸਪਤਾਲ ਪੁੱਜੇ ਦਾਦਾ ਚਰਨਦਾਸ ਨੇ ਦੱਸਿਆ ਕਿ ਮੰਗਲਵਾਰ ਨੂੰ ਸੁਖਪ੍ਰੀਤ ਕਹਿ ਕੇ ਗਿਆ ਸੀ ਉਹ 2 ਮਿੰਟ ਵਿੱਚ ਆ ਰਿਹਾ ਹੈ। ਜੇਕਰ ਪਤਾ ਹੁੰਦਾ ਕਿ ਸੁਖਪ੍ਰੀਤ ਪਾਣੀ ਦੇਖਣ ਗਿਆ ਹੈ ਤਾਂ ਉਹ ਉਸ ਨੂੰ ਕਦੇ ਨਾ ਜਾਣ ਦਿੰਦਾ। ਉਹ 3 ਦਿਨਾਂ ਬਾਅਦ ਲਾਸ਼ ਬਣ ਕੇ ਪਰਤਿਆ ਹੈ। ਉਨ੍ਹਾਂ ਕੋਲ ਸਿਰਫ਼ ਇੱਕ ਸਹਾਰਾ ਬਚਿਆ ਸੀ, ਜਿਸ ਨੂੰ ਹੜ੍ਹ ਨੇ ਖੋਹ ਲਿਆ। ਹੁਣ ਪਰਮਾਤਮਾ ਹੀ ਸਹਾਰਾ ਹੈ। ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਇਹ ਪਰਿਵਾਰ ਇੰਨਾ ਗਰੀਬ ਹੈ ਕਿ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੈ।
ਪੈਰ ਤਿਲਰਣ ਨਾਲ ਪਾਣੀ ਵਿੱਚ ਰੁੜਿਆ ਸੀ ਸੁਖਪ੍ਰੀਤ
ਸੁਖਪ੍ਰੀਤ ਸਿੰਘ ਬਾਈਕ 'ਤੇ ਗਿਆ ਸੀ। ਸੁਖਪ੍ਰੀਤ ਸਿੰਘ ਨੇ ਗੁਰੂਗੜ੍ਹ ਦੀ ਪੁਲੀ ਨੇੜੇ ਸਾਈਕਲ ਖੜ੍ਹਾ ਕੀਤਾ। ਕਿਉਂਕਿ ਸੜਕ 'ਤੇ ਪਾਣੀ ਬਹੁਤ ਜ਼ਿਆਦਾ ਸੀ। ਉਹ ਦੇਖਣ ਲੱਗਾ ਕਿ ਸਾਈਕਲ ਨਿਕਲ ਜਾਏਗਾ ਜਾਂ ਨਹੀਂ। ਇਸ ਦੌਰਾਨ ਉਸ ਦੇ ਪੈਰ ਤਿਲਕ ਗਏ ਅਤੇ ਉਹ ਪਾਣੀ 'ਚ ਰੁੜ੍ਹ ਗਿਆ। ਜਦੋਂ ਤੱਕ ਲੋਕਾਂ ਨੇ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ, ਉਦੋਂ ਤੱਕ ਸੁਖਪ੍ਰੀਤ ਪਾਣੀ ਵਿੱਚ ਰੁੜ੍ਹ ਚੁੱਕਾ ਸੀ। ਗੋਤਾਖੋਰ 3 ਦਿਨਾਂ ਤੋਂ ਸੁਖਪ੍ਰੀਤ ਦੀ ਭਾਲ ਕਰ ਰਹੇ ਸਨ। ਵੀਰਵਾਰ ਸਵੇਰੇ ਉਸ ਦੀ ਲਾਸ਼ ਬਰਾਮਦ ਹੋਈ।