Ludhiana News: ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਹਾਲਤ ਨੂੰ ਵੇਖਦਿਆਂ ਪੈਰਾ-ਮਿਲਟਰੀ ਫੋਰਸ ਨੇ ਕਮਾਨ ਸੰਭਾਲ ਰਹੀ ਹੈ। ਲੁਧਿਆਣਾ ਸ਼ਹਿਰ ਵਿੱਚ ਪੁਲਿਸ ਦੇ ਨਾਲ ਨਾਲ ਪੈਰਾ-ਮਿਲਟਰੀ ਫੋਰਸ ਦੇ ਮੁਲਾਜ਼ਮ ਵੀ ਸੁਰੱਖਿਆ ਦੀ ਕਮਾਨ ਸੰਭਾਲ ਰਹੇ ਹਨ। ਸ਼ਹਿਰ ਵਿੱਚ ਪੈਰਾ-ਮਿਲਟਰੀ ਫੋਰਸ ਦੀਆਂ ਕੰਪਨੀਆਂ ਪੁੱਜੀਆਂ ਹਨ ਜੋ ਸ਼ਹਿਰ ਦੇ ਹਰ ਥਾਣੇ ਨੂੰ ਵੰਡ ਕੇ ਦਿੱਤੀਆਂ ਗਈਆਂ ਹਨ। 



ਹਾਸਲ ਜਾਣਕਾਰੀ ਹੁਣ ਹਰ ਨਾਕੇ ’ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨਾਲ ਪੈਰਾ-ਮਿਲਟਰੀ ਫੋਰਸ ਦੇ ਜਵਾਨ ਵੀ ਤਾਇਨਾਤ ਰਹਿਣਗੇ। ਸੀਨੀਅਰ ਪੁਲਿਸ ਅਧਿਕਾਰੀ ਪੈਰਾ-ਮਿਲਟਰੀ ਜਵਾਨਾਂ ਦੇ ਨਾਲ ਮਿਲ ਸਮੇਂ ਸਮੇਂ ’ਤੇ ਫਲੈਗ ਮਾਰਚ ਵੀ ਕੱਢ ਰਹੇ ਹਨ। ਅੱਗੇ ਆਉਣ ਵਾਲੇ ਦਿਨਾਂ ’ਚ ਅੰਮ੍ਰਿਤਸਰ ’ਚ ਜੀ-20 ਸੰਮੇਲਨ ਹੋਣਾ ਹੈ। ਇਸ ਕਰਕੇ ਪੰਜਾਬ ਪੁਲਿਸ ਦੇ ਨਾਲ ਪੈਰਾ-ਮਿਲਟਰੀ ਦੀਆਂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਕਿ ਸੁਰੱਖਿਆ ਪ੍ਰਬੰਧ ਵੀ ਸਹੀ ਬਣੇ ਰਹਿਣ।


ਦੱਸ ਦਈਏ ਕਿ ਅਜਨਾਲਾ ਕਾਂਡ ਤੋਂ ਬਾਅਦ ਇਹ ਅਫ਼ਵਾਹਾਂ ਸ਼ੁਰੂ ਹੋ ਗਈਆਂ ਸਨ ਕਿ ਪੰਜਾਬ ਦੇ ਅੰਮ੍ਰਿਤਸਰ ’ਚ ਹੋਣ ਵਾਲੇ ਜੀ-20 ਸੰਮੇਲਨ ਦੇ ਤਹਿਤ ਹੋਣ ਵਾਲੇ ਪ੍ਰੋਗਰਾਮ ਰੱਦ ਕੀਤੇ ਜਾ ਸਕਦੇ ਹਨ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੰਮ੍ਰਿਤਸਰ ’ਚ ਉਨ੍ਹਾਂ ਸਥਾਨਾਂ ਦਾ ਦੌਰਾ ਕੀਤਾ ਗਿਆ ਸੀ, ਜਿੱਥੇ ਜੀ-20 ਸੰਮੇਲਨ ਦੇ ਪ੍ਰੋਗਰਾਮ ਹੋਣੇ ਹਨ। 



ਇਸ ਤੋਂ ਬਾਅਦ ਉਨ੍ਹਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਤੇ ਪੰਜਾਬ ’ਚ ਸੁਰੱਖਿਆ ਲਈ 50 ਪੈਰਾ-ਮਿਲਟਰੀ ਕੰਪਨੀਆਂ ਦੀ ਮੰਗ ਕੀਤੀ। ਪੰਜਾਬ ਸਰਹੱਦੀ ਸੂਬਾ ਹੈ ਤੇ ਖ਼ਾਸ ਕਰ ਕੇ ਅੰਮ੍ਰਿਤਸਰ ਜ਼ਿਲ੍ਹਾ ਪਾਕਿਸਤਾਨ ਨਾਲ ਲੱਗਣ ਵਾਲੀ ਕੌਮਾਂਤਰੀ ਸਰਹੱਦ ਨਾਲ ਲੱਗਦਾ ਹੈ। ਇਸ ਕਾਰਨ ਕੇਂਦਰ ਸਰਕਾਰ ਸੁਰੱਖਿਆ ’ਚ ਕੋਈ ਢਿੱਲ ਨਹੀਂ ਵਰਤਣਾ ਚਾਹੁੰਦੀ। 



ਸੂਤਰਾਂ ਮੁਤਾਬਕ ਕੇਂਦਰ ਵੱਲੋਂ ਪੈਰਾ-ਮਿਲਟਰੀ ਦੀਆਂ ਵੱਖ-ਵੱਖ ਕੰਪਨੀਆਂ ਨੂੰ ਸਾਰੇ ਵੱਡੇ ਸ਼ਹਿਰਾਂ ’ਚ ਭੇਜਿਆ ਗਿਆ ਹੈ। ਹੁਣ ਪੰਜਾਬ ਪੁਲਿਸ ਰੋਜ਼ਾਨਾ ਸ਼ਾਮ ਨੂੰ ਕੀਤੀ ਜਾਣ ਵਾਲੀ ਨਾਕਾਬੰਦੀ ’ਤੇ ਪੈਰਾ-ਮਿਲਟਰੀ ਫੋਰਸ ਦੇ ਕਰਮੀਆਂ ਨੂੰ ਵੀ ਨਾਲ ਤਾਇਨਾਤ ਕਰੇਗੀ। ਬੀਤੇ ਦਿਨੀਂ ਥਾਣਾ ਕੋਤਵਾਲੀ, ਥਾਣਾ ਸਲੇਮ ਟਾਬਰੀ ਤੇ ਥਾਣਾ ਬਸਤੀ ਜੋਧੇਵਾਲ ਇਲਾਕੇ ’ਚ ਪੈਰਾ-ਮਿਲਟਰੀ ਫੋਰਸ ਦੇ ਜਵਾਨਾਂ ਨੇ ਕਮਿਸ਼ਨਰੇਟ ਪੁਲੀਸ ਨਾਲ ਮਿਲ ਕੇ ਫਲੈਗ ਮਾਰਚ ਕੱਢਿਆ। ਰੇਲਵੇ ਸਟੇਸ਼ਨ ਤੇ ਬੱਸੇ ਅੱਡੇ ’ਤੇ ਵੀ ਚੈਕਿੰਗ ਕੀਤੀ ਗਈ।