Ludhiana News: ਮੁੱਖ ਮੰਤਰੀ ਭਗਵੰਤ ਮਾਨ ਦੀ 'ਕਿੱਕਲੀ' ਤੋਂ ਕਾਂਗਰਸ ਖਫਾ ਜਾਪ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਭਗਵੰਤ ਜੀ ਤੁਸੀਂ ਲੋਕਾਂ ਦੇ ਕੰਮ ਕਰੋ, ਕਿੱਕਲੀਆਂ ਨਾ ਸੁਣਾਓ, ਤੁਹਾਨੂੰ ਲੋਕਾਂ ਨੇ ਇਸ ਕੰਮ ਲਈ ਮੁੱਖ ਮੰਤਰੀ ਨਹੀਂ ਬਣਾਇਆ।


ਇਸ ਦੇ ਨਾਲ ਹੀ ਰਾਜਾ ਵੜਿੰਗ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਹੁਲਾਰਾ ਮਿਲਿਆ ਜਦੋਂ ਲੁਧਿਆਣਾ ਦੱਖਣੀ ਤੋਂ ਦੂਜੇ ਨੰਬਰ ਦੇ ਉਮੀਦਵਾਰ ਸਤਿੰਦਰਪਾਲ ਸਿੰਘ ਤਾਜਪੁਰੀ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਇੱਥੇ ਪਾਰਟੀ ਦੇ ਪੰਜਾਬ ਇੰਚਾਰਜ ਦਵਿੰਦਰ ਯਾਦਵ ਤੇ ਰਾਜਾ ਵੜਿੰਗ ਨੇ ਪਾਰਟੀ ਵਿੱਚ ਸ਼ਾਮਲ ਕੀਤਾ।



 


ਦੱਸ ਦਈਏ ਕਿ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਵਜੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਤਾਜਪੁਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਹਾਰ ਕੇ ਦੂਜੇ ਨੰਬਰ 'ਤੇ ਰਹੇ ਸਨ। ਤਾਜਪੁਰੀ ਲੁਧਿਆਣਾ ਦੇ ਉੱਘੇ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਜਗਦੇਵ ਸਿੰਘ ਤਾਜਪੁਰੀ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਸਨ।



ਇਸ ਦੌਰਾਨ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ, ਦਵਿੰਦਰ ਯਾਦਵ ਨੇ ਕਿਹਾ ਕਿ ਇਸ ਨਾਲ ਲੁਧਿਆਣਾ ਸੰਸਦੀ ਹਲਕੇ ਵਿੱਚ ਪਾਰਟੀ ਦੀਆਂ ਸੰਭਾਵਨਾਵਾਂ ਹੋਰ ਮਜ਼ਬੂਤ ਹੋਣਗੀਆਂ ਤੇ ਜਿੱਤ ਦਾ ਫਰਕ ਵਧੇਗਾ।


 


ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਚੁਣੌਤੀ ਦਿੱਤੀ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਲੁਧਿਆਣਾ ਆਉਣ ਤੋਂ ਬਾਅਦ ਉਹ ਵੀ ਰਵਨੀਤ ਬਿੱਟੂ ਨੂੰ ਜਿਤਾ ਨਹੀਂ ਸਕਦੇ। ਰਾਜਾ ਵੜਿੰਗ ਨੇ ਕਿਹਾ ਕਿ ਲੜਾਈ ਵਫ਼ਾਦਾਰੀ ਤੇ ਗੱਦਾਰੀ ਦੀ ਹੈ। ਰਵਨੀਤ ਬਿੱਟੂ ਨੇ ਕਾਂਗਰਸ ਪਾਰਟੀ ਦੀ ਪਿੱਠ ’ਚ ਛੁਰਾ ਮਾਰ ਕੇ ਜੋ ਗੱਦਾਰੀ ਕੀਤੀ ਹੈ, ਲੋਕ ਉਸ ਦਾ ਬਦਲਾ ਲੈਣ ਲਈ ਕਾਹਲੇ ਹਨ। 



ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਸੋਚ ਤੇ ਹੋਰ ਗਲਤ ਨੀਤੀਆਂ ਕਰਕੇ ਲੋਕ ਉਂਝ ਹੀ ਭਾਜਪਾ ਦੇ ਵਿਰੋਧ ‘ਚ ਖੜ੍ਹੇ ਹਨ। ਉਪਰੋਂ ਪਾਰਟੀ ਬਦਲਣ ਦੀ ਸਜ਼ਾ ਵੀ ਬਿੱਟੂ ਨੂੰ ਮਿਲਣੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਇਕ ਬਿਹਤਰ ਬਦਲ ਹੈ ਤੇ ਹੁਣ ਤਾਂ ਛੇ ਗੇੜ ਦੀ ਵੋਟਿੰਗ ਤੋਂ ਵੀ ਸਾਫ਼ ਹੋ ਗਿਆ ਹੈ ਕਿ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। 


ਉਨ੍ਹਾਂ ਕਾਂਗਰਸ ਦੇ ਚੋਣ ਮੈਨੀਫੈਸਟੋ ‘ਚ ਕੀਤੇ ਵਾਅਦੇ ਦੁਹਰਾਏ ਤੇ ਅਗਨੀਵੀਰ ਸਕੀਮ ਰੱਦ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਅਮਨ ਸ਼ਾਂਤੀ ਬਹਾਲ ਕਰਕੇ ਲੋਕਾਂ ਨੂੰ ਗੁੰਡਾਗਰਦੀ ਤੋਂ ਨਿਜਾਤ ਦਿਵਾ ਸਕਦੀ ਹੈ। ਇਸੇ ਤਰ੍ਹਾਂ ਨਸ਼ਿਆਂ ਸਮੇਤ ਹੋਰ ਮੁੱਦਿਆਂ ‘ਤੇ ਗੰਭੀਰਤਾ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿੱਟੂ ਦੇ ਹੱਕ ‘ਚ ਚੋਣ ਰੈਲੀ ਕਰਕੇ ਦੇਖ ਲਈ ਹੈ ਤੇ ਹੁਣ ਜੇਕਰ ਪੰਜਾਬ ਦੌਰੇ ‘ਤੇ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁਣ ਤਾਂ ਉਹ ਵੀ ਲੁਧਿਆਣਾ ‘ਚ ਜ਼ੋਰ ਲਾ ਕੇ ਦੇਖ ਲੈਣਗੇ।