Ludhiana News: ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਵਿੱਚ ਸੜਕ ਦੀ ਨੀਂਹ ਪੱਥਰ ਰੱਖਣ ਗਏ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਬਿਜਲੀ ਕਾਮਿਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਪੁਲਿਸ ਦੀ ਸੁਰੱਖਿਆ ਪ੍ਰਬੰਧਾਂ ਵਿੱਚ ਵੀ ਕਮੀ ਦੇਖਣ ਨੂੰ ਮਿਲੀ। ਵਿਰੋਧ ਜ਼ਿਆਦਾ ਹੋਣ ਕਰਕੇ ਮੰਤਰੀ ਨੂੰ ਪਿਛਲੇ ਗੇਟ ਰਾਹੀਂ ਬਾਹਰ ਕੱਢਿਆ ਗਿਆ।


ਜ਼ਿਕਰ ਕਰ ਦਈਏ ਕਿ  ਦੋਰਾਹਾ ਵਿਖੇ ਇਤਿਹਾਸਿਕ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਨੂੰ ਜਾਂਦੀ ਸੜਕ ਲੰਬੇ ਸਮੇਂ ਤੋਂ ਟੁੱਟੀ ਹੋਈ ਸੀ। ਇਸ ਨੂੰ ਲੈ ਕੇ ਸਥਾਨਕ ਲੋਕਾਂ ਵੱਲੋਂ ਕਈ ਵਾਰ ਪ੍ਰਦਰਸ਼ਨ ਵੀ ਕੀਤੇ ਗਏ ਸੀ ਜਿਸ ਤੋਂ ਬਾਅਦ ਹੁਣ ਆਪ ਸਰਕਾਰ ਨੇ ਇਸਦਾ ਨਿਰਮਾਣ ਸ਼ੁਰੂ ਕਰਵਾਇਆ ਸੀ ਤੇ ਲੋਕ ਨਿਰਮਾਣ ਵਿਭਾਗ ਮੰਤਰੀ ਹਰਭਜਨ ਸਿੰਘ ਨੇ ਕਟਾਣੀ ਪਿੰਡ ਵਿਖੇ ਇਸਦਾ ਨੀਂਹ ਪੱਥਰ ਰੱਖਿਆ ਪਰ ਇਸ ਦੌਰਾਨ ਮੰਤਰੀ ਦਾ ਕੱਚੇ ਬਿਜਲੀ ਕਾਮਿਆਂ ਵੱਲੋਂ ਵਿਰੋਧ ਕੀਤਾ ਗਿਆ ਹੈ।


ਇਸ ਦੌਰਾਨ ਕਿਤੇ ਨਾ ਕਿਤੇ ਸਥਾਨਕ ਪੁਲਿਸ ਦੀ ਕੁਤਾਹੀ ਵੀ ਸਾਹਮਣੇ ਆਈ ਹੈ। ਕਿਉਂਕਿ ਬਿਜਲੀ ਕਾਮੇ ਸਮਾਗਮ ਵਾਲੀ ਥਾਂ ਦੇ ਬਾਹਰ ਹੀ ਖੜ੍ਹੇ ਸੀ ਜਿੱਥੇ ਮੰਤਰੀ ਦੇ ਆਉਂਦਿਆਂ ਸਾਰ ਹੀ ਉਨ੍ਹਾਂ ਵੱਲੋਂ ਕਾਲ਼ੀਆਂ ਝੰਡੀਆਂ ਨਾਲ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਸਮਾਗਮ ਤੋਂ ਬਾਅਦ ਮੰਤਰੀ ਨੂੰ ਪਿਛਲੇ ਗੇਟ ਰਾਹੀਂ ਬਾਹਰ ਕੱਢਿਆ ਗਿਆ। ਇਸ ਦੌਰਾਨ ਪੁਲਿਸ ਵੱਲੋਂ ਮੀਡੀਆ ਨਾਲ ਧੱਕਾ ਮੁੱਕੀ ਵੀ ਕੀਤੀ ਗਈ ਤੇ ਪ੍ਰਦਰਸ਼ਨਕਾਰੀਆਂ ਨੂੰ ਮੀਡੀਆ ਨਾਲ ਗੱਲਬਾਤ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। 


ਇਸ ਤੋਂ ਬਾਅਦ ਜਦੋਂ ਮੰਤਰੀ ਨਾਲ ਇਸ ਪ੍ਰਦਰਸ਼ਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਰੋਸ ਮੁਜ਼ਾਹਰਾ ਕਰਨ ਵਾਲਿਆਂ ਨੂੰ ਕਿਹਾ ਕਿ ਮੈਰਿਟ ਦੇ ਆਧਾਰ 'ਤੇ ਨੌਕਰੀ ਮਿਲੇਗੀ। ਉਨ੍ਹਾਂ ਕਿਹਾ ਕਿ ਜੇ ਕੋਈ ਜਾਇਜ਼ ਮੰਗ ਹੈ ਤਾਂ ਸਰਕਾਰ ਜ਼ਰੂਰ ਪੂਰੀ ਕਰੇਗੀ। ਬਾਕੀ ਰਹੀ ਧਰਨਿਆਂ ਦੀ ਗੱਲ ਉਹ ਸਾਰਿਆਂ ਦਾ ਜ਼ਮਹੂਰੀ ਹੱਕ ਹੈ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।