Punjab News: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅੱਜ ਪੰਜਾਬ ਪੁਲਿਸ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਪਹੁੰਚੇ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਬਰਖਾਸਤ ਏਆਈਜੀ ਰਾਜਜੀਤ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਸਵਾਲ ਕੀਤਾ ਗਿਆ ਤਾਂ ਉਹ ਕੋਈ ਜਵਾਬ ਦਿੱਤੇ ਬਿਨਾਂ ਉੱਥੋਂ ਚਲੇ ਗਏ।


ਦੱਸ ਦਈਏ ਕਿ ਨਸ਼ਾ ਤਸਕਰੀ ਅਤੇ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਬਰਖਾਸਤ ਏਆਈਜੀ ਰਾਜਜੀਤ ਸਿੰਘ ਕਰੀਬ 40 ਦਿਨਾਂ ਤੋਂ ਫਰਾਰ ਹਨ। ਪੁਲਿਸ ਅਜੇ ਤੱਕ ਰਾਜਜੀਤ ਦਾ ਕੋਈ ਸੁਰਾਗ ਨਹੀਂ ਲਗਾ ਸਕੀ ਹੈ। ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਰਾਜਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਜਾਰੀ ਵਾਰੰਟ ਦੀ ਮਿਆਦ 31 ਮਈ ਤੱਕ ਵਧਾ ਦਿੱਤੀ ਹੈ।


ਰਾਜਜੀਤ ਸਿੰਘ ਨੂੰ ਪਨਾਹ ਦੇਣ ਵਾਲਿਆਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ 


ਪੰਜਾਬ ਪੁਲਿਸ ਸਾਬਕਾ AIG ਰਾਜਜੀਤ ਸਿੰਘ ਨੂੰ ਪਨਾਹ ਦੇਣ ਵਾਲਿਆਂ 'ਤੇ ਵੀ ਸ਼ਿਕੰਜਾ ਕੱਸਣ ਜਾ ਰਹੀ ਹੈ। ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਸੀ ਕਿ ਰਾਜਜੀਤ ਸਿੰਘ ਨੂੰ ਪਨਾਹ ਦੇਣ ਵਾਲੀਆਂ ਕਈ ਤਾਕਤਾਂ ਹੋ ਸਕਦੀਆਂ ਹਨ। ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਕੰਗ ਨੇ ਕਿਹਾ ਕਿ ਕਾਨੂੰਨ ਦੇ ਹੱਥ ਲੰਬੇ ਹਨ, ਬਹੁਤ ਜਲਦ ਰਾਜਜੀਤ ਸਿੰਘ ਅਤੇ ਉਸ ਨਾਲ ਜੁੜੇ ਸਾਰੇ ਰਾਜ਼ ਵੀ ਸਾਹਮਣੇ ਆ ਜਾਣਗੇ।



ਰਾਜਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ


ਪੰਜਾਬ ਪੁਲਿਸ ਸਾਬਕਾ ਏਆਈਜੀ ਰਾਜਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਸਮੇਤ ਹੋਰ ਸੂਬਿਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਹਾਲ ਹੀ ਵਿੱਚ ਰਾਜਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਦਿੱਲੀ, ਮੁਹਾਲੀ ਅਤੇ ਸ੍ਰੀਗੰਗਾਨਗਰ ਵਿੱਚ ਛਾਪੇ ਮਾਰੇ ਗਏ ਸਨ। ਰਾਜਜੀਤ ਸਿੰਘ ਦਾ ਡਰੱਗ ਮਾਫੀਆ ਨਾਲ ਗਠਜੋੜ ਵੱਡੇ ਪੱਧਰ 'ਤੇ ਸਾਹਮਣੇ ਆਇਆ ਹੈ।


ਪੰਜਾਬ ਸਰਕਾਰ ਪਹਿਲਾਂ ਹੀ ਕਰ ਚੁੱਕੀ ਹੈ ਬਰਖਾਸਤ 
ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਏਆਈਜੀ ਰਾਜਜੀਤ ਸਿੰਘ 'ਤੇ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਦੇ ਦੋਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਸੀ। ਏਆਈਜੀ ਰਾਜਜੀਤ ਸਿੰਘ ਦਾ ਨਾਂ ਹਾਈ ਕੋਰਟ ਦੀ ਰਿਪੋਰਟ ਵਿੱਚ ਆਇਆ ਸੀ। ਇਸ ਤੋਂ ਬਾਅਦ ਜਦੋਂ ਰਾਜਜੀਤ ਸਿੰਘ ਦੀ ਜਾਇਦਾਦ ਦੀ ਜਾਂਚ ਦੇ ਹੁਕਮ ਦਿੱਤੇ ਗਏ। ਉਦੋਂ ਤੋਂ ਉਹ ਫਰਾਰ ਹੈ। ਪੰਜਾਬ ਪੁਲਿਸ ਰਾਜਜੀਤ ਸਿੰਘ ਦੇ ਕਰੀਬੀਆਂ 'ਤੇ ਵੀ ਤਿੱਖੀ ਨਜ਼ਰ ਰੱਖ ਰਹੀ ਹੈ।