Gangster Sagar Newton Arrested: ਗੈਂਗਸਟਰ ਸਾਗਰ ਨਿਊਟਨ ਨੇ ਚੁਣੌਤੀ ਦਿੱਤੀ ਤਾਂ ਪੰਜਾਬ ਪੁਲਿਸ ਉਸ ਨੂੰ ਉੱਤਰ ਪ੍ਰਦੇਸ਼ ਤੋਂ ਦਬੋਚ ਲਿਆਈ। ਕੁਝ ਸਮਾਂ ਪਹਿਲਾਂ ਸਾਗਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਲੁਧਿਆਣਾ ਪੁਲਿਸ ਨੂੰ ਚੁਣੌਤੀ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਲਗਾਤਾਰ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਸਾਗਰ ਦੇ ਖਿਲਾਫ ਦਰਜਨ ਭਰ ਅਪਰਾਧਿਕ ਮਾਮਲੇ ਦਰਜ ਹਨ।



ਦਰਅਸਲ ਲੁਧਿਆਣਾ ਪੁਲਿਸ ਨੇ ਕਾਫੀ ਮੁਸ਼ੱਕਤ ਮਗਰੋਂ ਗੈਂਗਸਟਰ ਸਾਗਰ ਨਿਊਟਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ 'ਚ ਕਿਸੇ ਰਿਸ਼ਤੇਦਾਰ ਦੇ ਘਰ ਠਹਿਰਿਆ ਹੋਇਆ ਹੈ। ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਗੈਂਗਸਟਰ ਸਾਗਰ ਗੰਨੇ ਦੇ ਖੇਤ ਵਿੱਚ ਲੁਕ ਗਿਆ। ਪੁਲਿਸ ਟੀਮ ਨੇ ਉਸ ਨੂੰ ਘੇਰ ਕੇ ਕਾਬੂ ਕਰ ਲਿਆ। ਕਾਊਂਟਰ ਇੰਟੈਲੀਜੈਂਸ ਤੇ ਸੀਆਈਏ ਦੀਆਂ ਟੀਮਾਂ ਨੇ ਰੇਡ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਸੂਤਰਾਂ ਅਨੁਸਾਰ ਪੁਲਿਸ ਨੇ ਨਿਊਟਨ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਕੀਤੇ ਹਨ। ਫਿਲਹਾਲ ਕਿਸੇ ਨੇ ਵੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ। 



ਪ੍ਰੈੱਸ ਕਾਨਫਰੰਸ ਦੌਰਾਨ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸਾਗਰ ਨਿਊਟਨ ਏ ਕੈਟਾਗਰੀ ਦਾ ਗੈਂਗਸਟਰ ਹੈ। ਮਲੇਰਕੋਟਲਾ ਦੇ ਗੈਂਗਸਟਰ ਬੱਗਾ ਖਾਨ ਨਾਲ ਜੇਲ੍ਹ 'ਚ ਮੁਲਾਕਾਤ ਹੋਈ ਤਾਂ ਉਹ ਅਪਰਾਧ ਦੀ ਦੁਨੀਆ 'ਚ ਆ ਗਿਆ। ਉਹ ਬੱਗਾ ਖਾਨ ਦੇ ਕਹਿਣ 'ਤੇ ਹੀ ਸਾਰੇ ਅਪਰਾਧਾਂ ਨੂੰ ਅੰਜਾਮ ਦਿੰਦਾ ਸੀ। ਰਿਮਾਂਡ ਦੌਰਾਨ ਸਾਗਰ ਤੋਂ ਪੁੱਛਗਿੱਛ ਕੀਤੀ ਜਾਵੇਗੀ। 


ਸਾਗਰ ਨਿਊਟਨ ਨੇ ਪਿਛਲੇ ਇੱਕ ਮਹੀਨੇ 'ਚ ਇੰਟਰਨੈੱਟ ਮੀਡੀਆ 'ਤੇ ਦੋ ਵਾਰ ਪੁਲਿਸ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਸੀ। ਉਸ ਨੇ ਪੁਲਿਸ ਨੂੰ ਚੁਣੌਤੀ ਦਿੱਤੀ ਸੀ ਕਿ ਜੇਕਰ ਉਸ ਦੇ ਸਾਥੀਆਂ ਜਾਂ ਉਸ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਤਾਂ ਉਹ ਹਥਿਆਰ ਵੀ ਲਿਆਏਗਾ ਤੇ ਵਾਰਦਾਤ ਵੀ ਕਰੇਗਾ। ਉਦੋਂ ਤੋਂ ਪੁਲਿਸ ਉਸ ਦੇ ਇੰਟਰਨੈੱਟ ਮੀਡੀਆ ਅਕਾਊਂਟਸ ਨੂੰ ਟ੍ਰੇਸ ਕਰ ਰਹੀ ਸੀ ਕਿਉਂਕਿ ਸਾਗਰ ਇਨ੍ਹਾਂ ਅਕਾਊਂਟਸ 'ਤੇ ਸਭ ਤੋਂ ਜ਼ਿਆਦਾ ਸਰਗਰਮ ਸੀ।



ਸਾਗਰ ਨਿਊਟਨ ਵਿਰੁੱਧ ਲੁਧਿਆਣਾ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 19 ਤੋਂ ਵੱਧ ਐਫਆਈਆਰ ਦਰਜ ਹਨ। ਹਾਲ ਹੀ 'ਚ ਦੁੱਗਰੀ ਇਲਾਕੇ 'ਚ ਇੱਕ ਘਰ 'ਚ ਦਾਖਲ ਹੋ ਕੇ ਇੱਕ ਪਰਿਵਾਰ 'ਤੇ ਹਮਲਾ ਕਰਨ ਦੇ ਮਾਮਲੇ 'ਚ ਸਾਗਰ ਤੇ ਉਸ ਦੇ ਸਾਥੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਉਕਤ ਮਾਮਲੇ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸਾਗਰ ਤੇ ਉਸ ਦੇ ਸਾਥੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਸਾਗਰ ਨੇ ਆਪਣੇ ਸਾਥੀਆਂ ਨੂੰ ਭੇਜ ਕੇ ਠੀਕ 15 ਦਿਨਾਂ ਬਾਅਦ ਉਸੇ ਘਰ 'ਤੇ ਫਾਇਰਿੰਗ ਕਰ ਦਿੱਤੀ। ਇਸ ਤੋਂ ਇਲਾਵਾ ਸਾਗਰ ਨੂੰ ਡੀਐਮਸੀ ਹਸਪਤਾਲ ਨੇੜੇ ਇੱਕ ਨੌਜਵਾਨ ਦੀ ਕੁੱਟਮਾਰ ਦੀ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਵੀ ਨਾਮਜ਼ਦ ਕੀਤਾ ਗਿਆ ਸੀ।



ਲੁਧਿਆਣਾ ਪੁਲਿਸ ਲਈ ਸਿਰਦਰਦੀ ਬਣੇ ਗੈਂਗਸਟਰ ਸਾਗਰ ਨਿਊਟਨ ਦੇ ਸੋਸ਼ਲ ਮੀਡੀਆ 'ਤੇ 10 ਤੋਂ ਵੱਧ ਇੰਸਟਾਗ੍ਰਾਮ ਜਾਂ ਫੇਸਬੁੱਕ ਅਕਾਊਂਟ ਸਨ, ਜਿਨ੍ਹਾਂ 'ਤੇ ਉਹ ਹਥਿਆਰਾਂ ਨਾਲ ਵੀਡੀਓਜ਼ ਅਪਲੋਡ ਕਰਦਾ ਸੀ। ਇਸੇ ਤਰ੍ਹਾਂ ਉਹ ਸੋਸ਼ਲ ਮੀਡੀਆ 'ਤੇ ਧਮਕੀਆਂ ਆਦਿ ਵੀ ਦਿੰਦਾ ਸੀ। ਪੁਲਿਸ ਨੇ ਸਾਗਰ ਦੇ ਸਾਰੇ ਖਾਤੇ ਬੰਦ ਕਰ ਦਿੱਤੇ ਸਨ।


ਨਿਊਟਨ ਸੋਸ਼ਲ ਮੀਡੀਆ ਰਾਹੀਂ ਜੁਰਮਾਂ ਦੀ ਜ਼ਿੰਮੇਵਾਰੀ ਲੈਂਦਾ ਸੀ। ਨਿਊਟਨ ਦੇ ਇੰਸਟਾਗ੍ਰਾਮ 'ਤੇ ਬਹੁਤ ਸਾਰੇ ਖਾਤੇ ਹਨ, ਜਿੱਥੇ ਉਹ ਅਕਸਰ ਵੀਡੀਓ ਤੇ ਫੋਟੋਆਂ ਅਪਲੋਡ ਕਰਦਾ ਸੀ। ਉਹ ਆਪਣੇ ਅਪਰਾਧਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪੋਸਟ ਕਰਦਾ ਤੇ ਕੀਤੇ ਗਏ ਅਪਰਾਧਾਂ ਦੀ ਜ਼ਿੰਮੇਵਾਰੀ ਲੈਂਦਾ ਸੀ। ਇਸ ਤਰ੍ਹਾਂ ਉਹ ਆਪਣਾ ਸੰਦੇਸ਼ ਲੋਕਾਂ ਤੱਕ ਪਹੁੰਚਾਉਂਦਾ ਸੀ। ਵੱਡੀ ਗਿਣਤੀ 'ਚ ਨੌਜਵਾਨ ਵੀ ਉਸ ਦੇ ਖਾਤੇ ਨੂੰ ਫਾਲੋ ਕਰ ਰਹੇ ਹਨ, ਜੋ ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਅਪਰਾਧ ਦੀ ਦੁਨੀਆ ਵੱਲ ਆਕਰਸ਼ਿਤ ਕਰ ਸਕਦੇ ਹਨ।


ਹਾਲ ਹੀ 'ਚ ਜਦੋਂ ਨਿਊਟਨ ਤੇ ਉਸ ਦੇ ਸਾਥੀਆਂ ਨੇ ਸ਼ਹੀਦ ਭਗਤ ਸਿੰਘ ਨਗਰ 'ਚ ਨਵੀ ਨਾਂ ਦੇ ਨੌਜਵਾਨ ਦੇ ਘਰ 'ਚ ਦਾਖਲ ਹੋ ਕੇ ਉਸ ਦੇ ਪਰਿਵਾਰ 'ਤੇ ਹਮਲਾ ਕੀਤਾ ਤਾਂ ਇਸ ਗੈਂਗਸਟਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਵੀ ਅਪਲੋਡ ਕੀਤੀ ਸੀ, ਜਿਸ 'ਚ ਉਸ ਨੇ ਲੁਧਿਆਣਾ ਪੁਲਿਸ ਨੂੰ ਚੁਣੌਤੀ ਦਿੱਤੀ ਸੀ। ਹਮਲੇ ਤੋਂ ਕੁਝ ਹਫ਼ਤਿਆਂ ਬਾਅਦ ਨਵੀ ਦੀ ਦਾਦੀ ਦੀ ਮੌਤ ਹੋ ਗਈ ਸੀ। ਇਸ ਲਈ ਨਿਊਟਨ ਦੀ ਪਤਨੀ ਵੰਸ਼ਿਕਾ ਨੂੰ ਪੁਲਿਸ ਨੇ ਅਪਰਾਧਿਕ ਸਾਜ਼ਿਸ਼ ਰਚਣ ਤੇ ਉਸ ਦੇ ਪਤੀ ਨੂੰ ਸ਼ਰਨ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ।


ਹਾਲਾਂਕਿ ਗੈਂਗਸਟਰ ਨੇ ਪੁਲਿਸ ਦੀ ਕਾਰਵਾਈ ਦੀ ਨਿੰਦਾ ਕੀਤੀ ਸੀ। ਉਸ ਨੇ ਕਿਹਾ ਸੀ ਕਿ ਜੇਕਰ ਪੁਲਿਸ ਉਸ ਦੀ ਪਤਨੀ ਨੂੰ ਰਿਹਾਅ ਕਰ ਦਿੰਦੀ ਹੈ ਤਾਂ ਉਹ ਆਤਮ ਸਮਰਪਣ ਕਰ ਦੇਵੇਗਾ, ਨਹੀਂ ਤਾਂ ਉਹ ਗੈਂਗਸਟਰ ਬਣ ਕੇ ਆਪਣੀ ਤਾਕਤ ਦਿਖਾ ਦੇਵੇਗਾ। ਹਾਲ ਹੀ 'ਚ ਨਿਊਟਨ ਨੇ ਆਪਣੇ ਸਾਥੀਆਂ ਨੂੰ ਭੇਜਿਆ ਸੀ, ਜਿਨ੍ਹਾਂ ਨੇ ਕਰਨੈਲ ਸਿੰਘ ਨਗਰ 'ਚ ਨਵੀ ਦੇ ਘਰ 'ਤੇ ਗੋਲੀਬਾਰੀ ਕੀਤੀ ਸੀ ਤੇ ਘਟਨਾ ਤੋਂ ਬਾਅਦ ਗੈਂਗਸਟਰ ਨੇ ਫਿਰ ਤੋਂ ਸੋਸ਼ਲ ਮੀਡੀਆ 'ਤੇ ਇਕ ਸੰਦੇਸ਼ ਸਾਂਝਾ ਕੀਤਾ ਸੀ, ਜਿਸ 'ਚ ਉਸ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਉਸ ਨੇ ਮੰਨਿਆ ਕਿ ਉਸ ਨੇ ਆਪਣੇ ਬੰਦੇ ਨਵੀ ਦੇ ਘਰ 'ਤੇ ਗੋਲੀ ਚਲਾਉਣ ਲਈ ਭੇਜੇ ਸਨ।