Ludhiana News: ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਅਫ਼ੀਮ ਦੀ ਖੇਤੀ’ ਨੂੰ ਲੈ ਕੇ ਆਹਮੋ ਸਾਹਮਣੇ ਹੋ ਗਏ। ਰਾਜਾ ਵੜਿੰਗ ਨੇ ਅਫ਼ੀਮ ਦੀ ਖੇਤੀ ਦੀ ਵਕਾਲਤ ਕਰਦਿਆਂ ਇਸ ’ਤੇ ਚਰਚਾ ਕਰਾਏ ਜਾਣ ਦੀ ਗੱਲ ਆਖੀ ਤਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੜਿੰਗ ਨੂੰ ਨਿਸ਼ਾਨੇ ’ਤੇ ਲੈ ਲਿਆ। ਵਿੱਤ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਸ਼ਾ ਤਸਕਰੀ ਨੂੰ ਹੁਲਾਰਾ ਦਿੱਤਾ ਹੈ। ਚੀਮਾ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਦੇ ਨੇਤਾਵਾਂ ਨੂੰ ਡੋਪ ਟੈਸਟ ਕਰਾਉਣੇ ਚਾਹੀਦੇ ਹਨ।

ਬੱਸ ਫਿਰ ਕੀ ਸੀ ਮੁੱਦਾ ਭਖ ਗਿਆ। ਦੂਜਾ ਪਾਸੇ ਵਿੱਤ ਮੰਤਰੀ ਦੀ ਚੁਣੌਤੀ ਨੂੰ ਰਾਜਾ ਵੜਿੰਗ ਨੇ ਕਬੂਲ ਕਰਦਿਆਂ ਕਿਹਾ ਕਿ ‘ਆਓ ਸਾਰੇ ਇਕੱਠੇ ਹੋ ਕੇ ਡੋਪ ਟੈਸਟ ਕਰਾਈਏ।’ ਉਨ੍ਹਾਂ ਕਿਹਾ ਕਿ ਆਪਣੇ ਤੋਂ ਡੋਪ ਟੈਸਟ ਸ਼ੁਰੂ ਹੋਣਾ ਚਾਹੀਦਾ ਹੈ ਤੇ ਸਾਰਿਆਂ ਦੇ ਡੋਪ ਟੈਸਟ ਹੋਣੇ ਚਾਹੀਦੇ ਹਨ। ਨਸ਼ਾ ਚਾਹੇ ਸ਼ਰਾਬ ਦਾ ਹੋਵੇ ਤੇ ਚਾਹੇ ਅਫ਼ੀਮ-ਭੁੱਕੀ ਦਾ, ਕਿਸੇ ਮਾਨਤਾ ਪ੍ਰਾਪਤ ਲੈਬ ਤੋਂ ਡੋਪ ਟੈਸਟ ਹੋਣੇ ਚਾਹੀਦੇ ਹਨ। 

ਦੱਸ ਦਈਏ ਕਿ ਰਾਜਾ ਵੜਿੰਗ ਪਿਛਲੇ ਸਮੇਂ ਤੋਂ ਕਈ ਸਟੇਜਾਂ ਤੋਂ ਪੋਸਤ ਦੀ ਗੱਲ ਵੀ ਕਰ ਚੁੱਕੇ ਹਨ। ਹੁਣ ਵੜਿੰਗ ਨੇ ਕਿਹਾ ਕਿ ਉਹ ਨਸ਼ੇ ਦੀ ਹਮਾਇਤ ਨਹੀਂ ਕਰਦੇ ਹਨ ਪਰ ਅਫ਼ੀਮ-ਭੁੱਕੀ ਦਾ ਨਸ਼ਾ ਜਾਨਲੇਵਾ ਨਹੀਂ ਜਿਸ ’ਤੇ ਬੁੱਧੀਜੀਵੀਆਂ ਨਾਲ ਬੈਠ ਕੇ ਚਰਚਾ ਹੋਣੀ ਚਾਹੀਦੀ ਹੈ। ਵੜਿੰਗ ਨੇ ਕਿਹਾ ਕਿ ‘ਆਪ’ ਨੂੰ ਹਰ ਗੱਲ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਬੰਦ ਨਹੀਂ ਹੋਇਆ ਤੇ 31 ਮਈ ਤੋਂ ਬਾਅਦ ਵੀ 7-8 ਮੌਤਾਂ ਨਸ਼ੇ ਕਾਰਨ ਹੋ ਚੁੱਕੀਆਂ ਹਨ।

ਦਰਅਸਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੜਿੰਗ ਦੀ ਅਫ਼ੀਮ ਦੀ ਖੇਤੀ ਬਾਰੇ ਬਿਆਨਬਾਜ਼ੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਤਾਂ ਪੰਜਾਬ ’ਚੋਂ ਨਸ਼ੇ ਦਾ ਕੋਹੜ ਕੱਢ ਰਹੀ ਹੈ ਜਦਕਿ ਕਾਂਗਰਸ ਪੰਜਾਬ ਨੂੰ ਨਸ਼ੇੜੀ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਸਹਿਯੋਗ ਕਰਨ ਦੀ ਥਾਂ ਸੂਬੇ ਵਿੱਚ ਨਸ਼ਿਆਂ ਦਾ ਪਸਾਰ ਕਰਨਾ ਚਾਹੁੰਦੀ ਹੈ। 

ਵਿੱਤ ਮੰਤਰੀ ਨੇ ਕਿਹਾ ਕਿ ਅਫ਼ੀਮ ਦੀ ਖੇਤੀ ਦੀ ਗੱਲ ਕਰਨਾ ਕੋਕੀਨ, ਹੈਰੋਇਨ ਤੇ ਸਮੈਕ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਨੂੰ ਨਸ਼ਿਆਂ ਵਿੱਚ ਧੱਕਿਆ। ਚੀਮਾ ਨੇ ਕਿਹਾ ਕਿ ਕਾਂਗਰਸੀ ਤੇ ਅਕਾਲੀ ਨੇਤਾਵਾਂ ਦੇ ਡੋਪ ਟੈਸਟ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਉਪਜਾਊ ਹੈ ਜਿੱਥੇ ਸਬਜ਼ੀਆਂ ਤੇ ਫਲਾਂ ਦੀ ਪੈਦਾਵਾਰ ਵਧਾਉਣ ਦੀ ਗੱਲ ਹੋਣੀ ਚਾਹੀਦੀ ਹੈ। ਪਸ਼ੂ ਪਾਲਣ ਦੀ ਗੱਲ ਹੋਣੀ ਚਾਹੀਦੀ ਤਾਂ ਜੋ ਪੰਜਾਬ ਦੇ ਨੌਜਵਾਨ ਦੁੱਧ ਤੇ ਘਿਓ ਵਰਗੀਆਂ ਖ਼ੁਰਾਕਾਂ ਖਾਣ।

ਚੀਮਾ ਨੇ ਕਿਹਾ ਕਿ ਕਾਂਗਰਸ ਪੰਜਾਬ ਨੂੰ ਚੰਗੇ ਪਾਸੇ ਮੋੜਾ ਦੇਣ ਦੀ ਥਾਂ ਨਸ਼ਿਆਂ ਦੇ ਪਸਾਰ ਦੀ ਗੱਲ ਕਰ ਰਹੀ ਹੈ ਪਰ ‘ਆਪ’ ਸਰਕਾਰ ਅਜਿਹਾ ਕਦੇ ਨਹੀਂ ਹੋਣ ਦੇਵੇਗੀ। ਦੱਸਣਯੋਗ ਹੈ ਕਿ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੀ ਅਫੀਮ ਦੀ ਖੇਤੀ ਦੀ ਗੱਲ ਕਰ ਚੁੱਕੇ ਹਨ। ਪੰਜਾਬ ਵਿਧਾਨ ਸਭਾ ਵਿੱਚ ਕਈ ‘ਆਪ’ ਵਿਧਾਇਕ ਵੀ ਅਫੀਮ ਦੀ ਖੇਤੀ ਦੀ ਵਕਾਲਤ ਕਰ ਚੁੱਕੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।