Ludhiana News : ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦੀ ਅੱਜ ਲੁਧਿਆਣਾ ਵਿੱਚ ਮੀਟਿੰਗ ਹੋਈ ਹੈ। ਜਿਸ ਵਿੱਚ ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖ ਕੇ ਨਿਰਾਜਗੀ ਪ੍ਰਗਟਾਈ ਹੈ। ਇਸ 'ਚ ਮਾਲ ਅਧਿਕਾਰੀਆਂ ਨੇ 'ਆਪ' ਵਿਧਾਇਕ ਦਿਨੇਸ਼ ਚੱਢਾ 'ਤੇ ਕਈ ਗੰਭੀਰ ਇਲਜ਼ਾਮ ਲਾਏ ਹਨ। ਇਸ ਦੇ ਨਾਲ ਹੀ ਹੜ੍ਹ ਰੋਕੂ ਕੰਮਾਂ ਤੋਂ ਇਲਾਵਾ ਬਾਕੀ ਸਾਰੇ ਕੰਮਾਂ ਲਈ ਸੋਮਵਾਰ ਤੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ। 

 

ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ 18 ਜੁਲਾਈ ਨੂੰ ਜ਼ਿਲ੍ਹਾ ਰੂਪਨਗਰ ਦੇ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਆਪਣੇ ਨਿੱਜੀ ਹਿੱਤਾਂ ਅਤੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੜ੍ਹਾਂ ਸਮੇਂ ਤਹਿਸੀਲ ਦਫ਼ਤਰ ਵਿੱਚ ਅਚਨਚੇਤ ਚੈਕਿੰਗ ਕੀਤੀ ਸੀ। ਇਸ ਦੇ ਬਹਾਨੇ ਬੇਕਸੂਰ ਤਹਿਸੀਲਦਾਰ, ਪਟਵਾਰੀ ਅਤੇ ਰਜਿਸਟਰੀ ਕਲਰਕ ਰੂਪਨਗਰ ਨੂੰ ਮੀਡੀਆ ਟਰਾਇਲ ਕਰਕੇ ਜ਼ਲੀਲ ਕੀਤਾ ਗਿਆ।


 

ਮੀਟਿੰਗ ਵਿੱਚ ਇਸ ਮੁੱਦੇ ਸਮੇਤ ਹੋਰ ਮੁੱਦਿਆਂ ’ਤੇ ਚਰਚਾ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਦਫ਼ਤਰੀ ਕੰਮ ਵਿੱਚ ਦਖ਼ਲਅੰਦਾਜ਼ੀ ਕਰਕੇ ਬੇਲੋੜੀ ਰੁਕਾਵਟ ਪੈਦਾ ਕੀਤੀ ਜਾਂਦੀ ਹੈ। ਉਹ ਕਾਨੂੰਗੋ, ਪਟਵਾਰੀਆਂ ਅਤੇ ਕਲੈਰੀਕਲ ਸਟਾਫ ਨਾਲ ਘਟੀਆਂ ਸ਼ਬਦਾਵਲੀ ਦਾ ਇਸਤੇਮਾਲ ਕਰਕੇ ਉਨ੍ਹਾਂ ਨੂੰ ਗੈਰ-ਕਾਨੂੰਨੀ ਕੰਮ ਕਰਨ ਲਈ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਨ੍ਹਾਂ ਸਾਰੇ ਕਾਰਨਾਂ ਕਰਕੇ ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਨੇ ਇਨ੍ਹਾਂ ਸਾਰੇ ਕਾਰਨਾਂ ਦੇ ਚੱਲਦੇ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਦੇ ਨਿੱਜੀ ਹਿੱਤਾਂ ਤੋਂ ਪ੍ਰੇਰਿਤ ਵਤੀਰੇ ਦੀ ਸਖ਼ਤ ਨਿਖੇਧੀ ਕੀਤੀ ਹੈ। ਨਾਲ ਹੀ ਸੋਮਵਾਰ ਤੋਂ (ਹੜ੍ਹ ਰੋਕੂ ਕੰਮ) ਤੋਂ ਇਲਾਵਾ ਹੋਰ ਸਾਰੇ ਕੰਮਾਂ ਦਾ ਬਾਈਕਾਟ ਵੀ ਕੀਤਾ।

 

ਐਸੋਸੀਏਸ਼ਨ ਨੇ ਮੁੱਖ ਮੰਤਰੀ ਮਾਨ ਨੂੰ ਲਿਖਿਆ ਕਿ 'ਆਪ' ਵਿਧਾਇਕ ਨੇ ਪਹਿਲਾਂ ਵੀ ਟ੍ਰਾਂਸਫਰ ਦੀ ਧਮਕੀ ਜਾਂ ਹੋਰ ਪ੍ਰਕਾਰ ਦਾ ਦਬਾਅ ਬਣਾ ਕੇ ਐਨ.ਓ.ਸੀ ਅਤੇ ਹੋਰ ਕਾਰਵਾਈ ਦੇ ਬਿਨਾਂ ਰਜਿਸਟਰੀ ਕਰਵਾਈ ਸੀ। ਫਿਰ ਇਸ ਨੂੰ ਹੋਰ ਗਲਤ ਕੰਮ ਕਰਵਾਉਣ ਲਈ ਹਥਿਆਰ ਵਜੋਂ ਵਰਤਿਆ ਜਾਣ ਲੱਗਾ। ਉਨ੍ਹਾਂ ਨੇ ਲਿਖਿਆ ਕਿ ਭ੍ਰਿਸ਼ਟਾਚਾਰ ਬਹੁਤ ਵੱਡੀ ਬਿਮਾਰੀ ਹੈ, ਇਹ ਸਿਰਫ਼ ਗਾਲਾਂ ਕੱਢਣ ਨਾਲ ਖ਼ਤਮ ਨਹੀਂ ਹੋਵੇਗੀ। ਇਸ ਦੇ ਕਾਰਨਾਂ ਦੀ ਪਛਾਣ ਕਰਕੇ ਅਤੇ ਉਨ੍ਹਾਂ ਨੂੰ ਹੱਲ ਕਰਕੇ ਹੀ ਇਸ ਨੂੰ ਘਟਾਇਆ ਜਾ ਸਕਦਾ ਹੈ।

 

ਐਸੋਸੀਏਸ਼ਨ ਨੇ ਕਿਹਾ ਕਿ ‘ਆਪ’ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਅਫਸਰਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਮਾਰਚ 2022 ਵਿੱਚ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਮਾਲ ਵਿਭਾਗ ਦੀ ਹਾਲਤ ਅਤੇ ਵਿਭਾਗ ਦੀ ਕਾਰਗੁਜ਼ਾਰੀ 'ਤੇ ਇਸ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਗਿਆ। ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਲੋਕ ਅਤੇ ਮਾਲ ਅਧਿਕਾਰੀ ਲੰਬੇ ਸਮੇਂ ਤੋਂ ਨਵੀਂ ਤਬਦੀਲੀ ਦੀ ਉਡੀਕ ਕਰ ਰਹੇ ਸਨ ਪਰ ਡੇਢ ਸਾਲ ਵਿੱਚ ਮਾਲ ਅਫ਼ਸਰਾਂ ਦੀਆਂ ਆਸਾਂ ਨੂੰ ਵੱਡਾ ਧੱਕਾ ਲੱਗਾ ਹੈ ਕਿਉਂਕਿ ਨਵੇਂ ਚੁਣੇ ਗਏ ਵਿਧਾਇਕਾਂ ਅਤੇ ਮੰਤਰੀਆਂ ਨੇ ਮਾਲ ਮਹਿਕਮੇ ਨੂੰ ਸਿਰਫ਼ ਝੂਠੇ ਪ੍ਰਚਾਰ ਦਾ ਮਾਧਿਅਮ ਬਣਾ ਕੇ ਰੱਖਿਆ ਹੋਇਆ ਹੈ।

 

ਰੈਵੇਨਿਊ ਅਫਸਰਜ਼ ਐਸੋਸੀਏਸ਼ਨ ਮਾਲ ਅਫਸਰਾਂ ਦੇ ਜ਼ਰੀਏ ਆਪਣੇ ਖਿਲਾਫ ਬਣੀ ਭ੍ਰਿਸ਼ਟ ਤਸਵੀਰ ਨੂੰ ਸਾਫ ਕਰਨਾ ਚਾਹੁੰਦੀ ਸੀ। ਅਪ੍ਰੈਲ 2022 'ਚ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਮਾਲ ਅਫ਼ਸਰ ਐਸੋਸੀਏਸ਼ਨ, ਪੰਜਾਬ ਕਾਨੂੰਗੋ ਐਸੋਸੀਏਸ਼ਨ ਅਤੇ ਪਟਵਾਰੀ ਯੂਨੀਅਨ ਪੰਜਾਬ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੇ 'ਆਪ' ਦੇ ਮੁੱਖ ਟੀਚੇ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਸੀ ਪਰ ਪਿਛਲੀਆਂ ਸਰਕਾਰਾਂ ਵਾਂਗ 'ਆਪ' ਸਰਕਾਰ ਨੇ ਵੀ ਮਾਲ ਮਹਿਕਮੇ ਨੂੰ ਅਣਗੌਲਿਆ ਕੀਤਾ ਅਤੇ ਅਧਿਕਾਰੀਆਂ ਦੀਆਂ ਚਿੰਤਾਵਾਂ ਅਤੇ ਲੋੜਾਂ ਵੱਲ ਧਿਆਨ ਨਹੀਂ ਦਿੱਤਾ।