Ludhiana News: ਲੁਧਿਆਣਾ ਵਿੱਚ ਆਬਕਾਰੀ ਵਿਭਾਗ ਦੀ ਟੀਮ ਨੇ ਕੰਗਵਾਲ ਨੇੜੇ ਜਸਪਾਲ ਬਾਗੜ ਰੋਡ 'ਤੇ ਇੱਕ ਘਰ 'ਚ ਛਾਪਾ ਮਾਰਿਆ। ਇਸ ਦੌਰਾਨ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਜਦੋਂ ਅਧਿਕਾਰੀਆਂ ਨੇ ਛਾਪਾ ਮਾਰਿਆ ਤਾਂ ਉਨ੍ਹਾਂ ਨੂੰ ਉੱਥੇ ਇੱਕ ਕਮਰੇ ਵਿੱਚ ਸ਼ਰਾਬ ਦੀਆਂ ਪੇਟੀਆਂ ਮਿਲੀਆਂ ਹਨ। ਪੁਲਿਸ ਨੇ 5 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਥੋਂ ਕੁਝ ਦੂਰੀ ‘ਤੇ ਇੱਕ ਹੋਰ ਠੇਕਾ ਹੈ, ਜਦੋਂ ਉੱਥੇ ਰੇਡ ਕਰਨ ਗਏ ਤਾਂ ਠੇਕਾ ਬੰਦ ਮਿਲਿਆ।

ਇਲਾਕੇ ਦੇ ਲੋਕਾਂ ਤੋਂ ਜਾਣਕਾਰੀ ਮਿਲੀ ਹੈ ਕਿ ਇੱਥੇ ਅਕਸਰ ਸ਼ਰਾਬ ਦੀਆਂ ਪੇਟੀਆਂ ਰੱਖਣ ਲਈ ਗੱਡੀਆਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਜਦੋਂ ਅੱਜ ਛਾਪੇਮਾਰੀ ਕੀਤੀ ਗਈ ਤਾਂ ਦੋਵੇਂ ਤਰ੍ਹਾਂ ਦੀ ਸ਼ਰਾਬ ਬਰਾਮਦ ਹੋਈ ਅੰਗਰੇਜੀ ਅਤੇ ਦੇਸੀ।

ਉੱਥੇ ਹੀ ਆਬਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਰੂਟੀਨ ਜਾਂਚ ਚੱਲ ਰਹੀ ਹੈ, ਜਿਹੜੀ ਸ਼ਰਾਬ ਬਰਾਮਦ ਹੋਈ ਹੈ, ਉਹ ਨਕਲੀ ਹੈ ਜਾਂ ਨਹੀਂ, ਇਸ ਬਾਰੇ ਹਾਲੇ ਕੁਝ ਨਹੀਂ ਜਾ ਸਕਦਾ। ਛੇਤੀ ਹੀ ਮਾਮਲੇ ਦੀ ਜਾਂਚ ਕਰਕੇ ਮੀਡੀਆ ਨੂੰ ਦੱਸ ਦਿੱਤਾ ਜਾਵੇਗਾ।

ਜ਼ਿਕਰ ਕਰ ਦਈਏ ਕਿ ਪਿਛਲੇ ਦਿਨੀਂ ਲੁਧਿਆਣਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਆਬਕਾਰੀ ਵਿਭਾਗ ਹਰਕਤ ਵਿੱਚ ਆ ਗਿਆ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਨਾਲ 27 ਲੋਕਾਂ ਦੀ ਮੌਤ ਹੋ ਗਈ ਸੀ, ਹਾਲੇ ਉੱਥੇ ਲੋਕ ਆਪਣਿਆਂ ਨੂੰ ਗੁਆਉਣ ਦਾ ਦੁੱਖ ਭੁੱਲੇ ਨਹੀਂ ਸੀ ਕਿ ਲੁਧਿਆਣਾ ਵਿੱਚ ਇਹ ਭਾਣਾ ਵਾਪਰ ਗਿਆ।

ਇੱਕ ਪਾਸੇ ਸਰਕਾਰ ਨਸ਼ੇ ਨੂੰ ਠੱਲ੍ਹ ਪਾਉਣ ਲਈ ਪੂਰੀ ਵਾਹ ਲਾ ਰਹੀ ਹੈ ਅਤੇ ਦੂਜੇ ਪਾਸੇ ਕਿਤੇ ਨਾ ਕਿਤੇ ਸਰਕਾਰ ਨਾਕਾਮ ਨਜ਼ਰ ਆ ਰਹੀ ਹੈ। ਲੁਧਿਆਣਾ ਵਿੱਚ ਹੋਈਆਂ ਇਨ੍ਹਾਂ ਮੌਤਾਂ 'ਤੇ ਵਿਰੋਧੀ ਧਿਰਾਂ ਨੇ ਆਮ ਆਦਮੀ ਪਾਰਟੀ ਨੂੰ ਸਵਾਲਾਂ ਦੇ ਘੇਰੇ ਵਿੱਚ ਵੀ ਖੜ੍ਹਾ ਕੀਤਾ ਅਤੇ ਨਕਲੀ ਸ਼ਰਾਬ ਦੇ ਉਤਪਾਦਨ ਨੂੰ ਰੋਕਣ ਵਿੱਚ ਅਸਫਲ ਦੱਸਿਆ ਹੈ। ਪਰ ਉੱਥੇ ਹੀ ਆਮ ਆਦਮੀ ਪਾਰਟੀ ਤੁਰੰਤ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।