Ludhiana News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਮੌਕੇ ਪੰਜਾਬ ਵਿੱਚ ਛੁੱਟੀ ਨਾ ਕਰਨ 'ਤੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਸੁਖਬੀਰ ਬਾਦਲ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਰਾਮ ਜਨਮ ਭੂਮੀ ਵਿਖੇ ਧਾਰਮਿਕ ਸ਼ਰਧਾ ਦੇ ਸਤਿਕਾਰ ਵਜੋਂ ਮਨਾਏ ਜਾਣ ਵਾਲੇ ਇਤਿਹਾਸਕ-ਧਾਰਮਿਕ ਮੌਕੇ 22 ਜਨਵਰੀ ਨੂੰ ਪੰਜਾਬ ਵਿੱਚ ਛੁੱਟੀ ਨਾ ਕਰਕੇ ਹਿੰਦੂ ਭੈਣਾਂ-ਭਰਾਵਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਕੀਤਾ ਹੈ। 


ਸੁਖਬੀਰ ਬਾਦਲ ਨੇ ਟਵੀਟ ਕਰਕੇ ਕਿਹਾ....
ਸ਼੍ਰੀ ਰਾਮ ਜਨਮ ਭੂਮੀ 'ਤੇ ਪ੍ਰਾਣ ਪ੍ਰਤਿਸ਼ਠਾ ਦੇ ਇਤਿਹਾਸਿਕ-ਧਾਰਮਿਕ ਅਵਸਰ ਉੱਤੇ ਹਿੰਦੂ ਭਾਈਚਾਰੇ ਦੀ ਧਾਰਮਿਕ ਸ਼ਰਧਾ ਦੇ ਸਤਿਕਾਰ ਵੱਜੋਂ ਪੰਜਾਬ ਵਿੱਚ ਛੁੱਟੀ ਨਾ ਕਰਕੇ ਕਠਪੁਤਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਹਿੰਦੂ ਵੀਰਾਂ ਭੈਣਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਨਿਰਾਦਰ ਕੀਤਾ ਹੈ। ਇਹ ਉਹੀ ਮੁੱਖ ਮੰਤਰੀ ਹੈ ਜੋ ਸਿਆਸੀ ਰੈਲੀਆਂ ਵਿੱਚ ਆਪਣੀ ਤੇ ਆਪਣੇ ਆਕਾ ਦੀ ਬੱਲੇ ਬੱਲੇ ਕਰਾਉਣ ਲਈ ਸਕੂਲ ਤੱਕ ਵੀ ਬੰਦ ਕਰਵਾ ਦਿੰਦਾ ਹੈ। 


ਦਰਅਸਲ, ਇਹ ਲੋਕ ਹਰ ਪਾਸੇ ਮਹਾਂਪੁਰਖਾਂ ਦੀ ਥਾਂ ਸਿਰਫ਼ ਆਪਣਾ ਹੀ ਚਿਹਰਾ ਦੇਖਣਾ ਪਸੰਦ ਕਰਦੇ ਹਨ ਤੇ ਸਭ ਧਰਮਾਂ ਦਾ ਨਿਰਾਦਰ ਕਰਦੇ ਹਨ। ਕੱਲ੍ਹ ਵੀ ਆਪੇ ਵਿੱਚ ਮਸਤ ਭਗਵੰਤ ਮਾਨ ਵੱਲੋਂ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦਾ ਨਿਰਾਦਰ ਕਰਨ ਲਈ ਉਸਨੂੰ ਸਮੂਹ ਪੰਜਾਬੀਆਂ ਅਤੇ ਖ਼ਾਸ ਕਰਕੇ ਹਿੰਦੂ ਵੀਰਾਂ-ਭੈਣਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।






ਦੱਸ ਦਈਏ ਕਿ ਸ਼੍ਰੀ ਰਾਮ ਲਲਾ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਮੌਕੇ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਸਮੇਤ ਕਈ ਰਾਜਾਂ ਵਿੱਚ ਛੁੱਟੀ ਐਲਾਨੀ ਗਈ ਸੀ ਪਰ ਪੰਜਾਬ ਸਰਕਾਰ ਨੇ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਸੀ। ਸੋਸ਼ਲ ਮੀਡੀਆ ਉਪਰ ਕੁਝ ਲੋਕ ਇਸ ਫੈਸਲੇ ਦੀ ਸਵਾਗਤ ਵੀ ਕਰ ਰਹੇ ਹਨ ਪਰ ਕੁਝ ਲੋਕਾਂ ਵੱਲੋਂ ਅਲੋਚਨਾ ਕੀਤੀ ਜਾ ਰਹੀ ਹੈ।



ਇਸ ਦੇ ਨਾਲ ਹੀ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਬਿਕਰਮ ਮਜੀਠੀਆ ਨੇ ਸਰਕਾਰ 'ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਨ 'ਚ ਨਾਕਾਮ ਰਹਿਣ ਦਾ ਦੋਸ਼ ਲਗਾਇਆ। ਮਜੀਠੀਆ ਨੇ ਕਿਹਾ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਾਡਾ ਦੇਸ਼ ਹਿੰਦੂ ਬਹੁਗਿਣਤੀ ਵਾਲਾ ਦੇਸ਼ ਹੈ। ਸੁਪਰੀਮ ਕੋਰਟ ਤੋਂ ਇਹ ਫੈਸਲਾ ਆਇਆ ਤੇ ਮੰਦਰ ਵਿੱਚ ਸ਼੍ਰੀ ਰਾਮ ਪ੍ਰਾਣ ਪ੍ਰਤਿਸ਼ਠਾ ਹੋਈ।


ਰਾਮ ਲੱਲਾ ਨੂੰ ਧਿਆਨ ਵਿੱਚ ਰੱਖਦਿਆਂ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੂੰ ਛੁੱਟੀ ਦਾ ਐਲਾਨ ਕਰਨਾ ਚਾਹੀਦਾ ਸੀ। ਸਰਕਾਰਾਂ ਦਾ ਕੰਮ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਹੈ। ਇਹ ਗਲਤ ਹੋਇਆ ਹੈ। ਇਸ ਕਰਕੇ ਜੋ ਕਰਮਚਾਰੀ ਇਸ ਦਾ ਹਿੱਸਾ ਬਣਨਾ ਚਾਹੁੰਦੇ ਸਨ, ਉਹ ਵਾਂਝੇ ਰਹਿ ਗਏ। ਮੁੱਖ ਮੰਤਰੀ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਵਿੱਚ ਅਸਫਲ ਰਹੇ।