Ludhiana news: ਖੰਨਾ ਦੀ ਪਾਇਲ ਤਹਿਸੀਲ ਦੇ ਪਿੰਡ ਭੁਰਥਲਾ ਮੰਡੇਰ ਦੇ ਰਹਿਣ ਵਾਲੇ ਸੇਵਾਮੁਕਤ ਸੂਬੇਦਾਰ ਨਿਰਮਲ ਸਿੰਘ ਦੀ ਉੱਤਰ ਪ੍ਰਦੇਸ਼ ਦੇ ਕਾਸ਼ੀ ਵਿੱਚ ਭੇਦਭਰੀ ਹਾਲਤ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਯੂਪੀ ਪੁਲਿਸ ਇਸ ਨੂੰ ਸੜਕ ਹਾਦਸਾ ਦੱਸ ਰਹੀ ਹੈ ਜਦਕਿ ਦੂਜੇ ਪਾਸੇ ਪਰਿਵਾਰ ਅਤੇ ਹਲਕਾ ਵਿਧਾਇਕ ਨੇ ਇਸ ਨੂੰ ਟਾਰਗੇਟ ਕਿਲਿੰਗ ਦੱਸਿਆ ਹੈ। ਯੂਪੀ ਸਰਕਾਰ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ।
ਰਵਿਦਾਸ ਜਯੰਤੀ 'ਤੇ ਕਾਸ਼ੀ ਗਈ ਸੀ ਸੰਗਤ
ਸ਼ਰਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਨਿਰਮਲ ਸਿੰਘ ਫੌਜ ਵਿੱਚੋਂ ਸੇਵਾਮੁਕਤ ਹੋਏ ਸਨ। 20 ਫਰਵਰੀ ਨੂੰ ਪਿੰਡ ਦੀ ਸੰਗਤ ਸਮੇਤ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਕਾਸ਼ੀ ਵਿਖੇ ਮੱਥਾ ਟੇਕਣ ਲਈ ਗਏ ਸੀ। ਉੱਥੇ ਪਹੁੰਚ ਕੇ ਉਸ ਦੇ ਪਿਤਾ ਨੇ ਫੋਨ ਕੀਤਾ ਤਾਂ ਉਹ ਉਸ ਵੇਲੇ ਬਹੁਤ ਘਬਰਾਏ ਹੋਏ ਸੀ। ਉਸ ਨੂੰ ਫੋਨ 'ਤੇ ਦੱਸਿਆ ਗਿਆ ਕਿ ਕੁਝ ਲੋਕ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ ਅਤੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ।
ਉਨ੍ਹਾਂ ਨੂੰ ਬਚਾਇਆ ਜਾਵੇ। ਇਸ ਤੋਂ ਬਾਅਦ ਖ਼ਬਰ ਆਉਂਦੀ ਹੈ ਕਿ ਉਸ ਦੇ ਪਿਤਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਜਦੋਂਕਿ ਮੌਕੇ ਦੀਆਂ ਤਸਵੀਰਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜਿਸ ਤਰ੍ਹਾਂ ਉਸ ਦੇ ਪਿਤਾ 'ਤੇ ਸਰੀਰਕ ਤੌਰ 'ਤੇ ਹਮਲਾ ਕੀਤਾ ਗਿਆ ਹੈ, ਉਹ ਕਤਲ ਹੈ। ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Ludhiana News: ਪੜ੍ਹਾਈ ਕਰਦਿਆਂ-ਕਰਦਿਆਂ ਅਮੀਰ ਬਣਨ ਦੇ ਚੱਕਰ 'ਚ ਕਰਨ ਲੱਗੇ ਚੋਰੀਆਂ...ਮਾਮੇ-ਭੂਆ ਦੇ ਪੁੱਤਾਂ ਨੇ ਬਣਾਇਆ ਆਪਣਾ ਗਰੋਹ
ਟਾਰਗੇਟ ਕਿਲਿੰਗ ਦਾ ਸ਼ੱਕ
ਸਾਬਕਾ ਫੌਜੀ ਜੋਰਾ ਸਿੰਘ ਚੀਮਾ ਨੇ ਕਿਹਾ ਕਿ ਇਹ ਇੱਕ ਤਰ੍ਹਾਂ ਦੀ ਟਾਰਗੇਟ ਕਿਲਿੰਗ ਜਾਪਦੀ ਹੈ। ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ। ਸਾਬਕਾ ਫੌਜੀ ਆਪਣੇ ਸਾਥੀਆਂ ਦੇ ਕਤਲ 'ਤੇ ਚੁੱਪ ਨਹੀਂ ਬੈਠਣਗੇ ਅਤੇ ਆਉਣ ਵਾਲੇ ਦਿਨਾਂ 'ਚ ਯੂ.ਪੀ. ਦੇ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਇਨਸਾਫ਼ ਦੀ ਮੰਗ ਕੀਤੀ ਜਾਵੇਗੀ।
ਵਿਧਾਇਕ ਨੇ ਵਾਰਾਣਸੀ ਦੇ ਕਮਿਸ਼ਨਰ ਨਾਲ ਕੀਤੀ ਗੱਲ
ਪਾਇਲ ਤੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਇਸ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਵਾਰਾਣਸੀ ਦੇ ਕਮਿਸ਼ਨਰ ਨਾਲ ਫੋਨ 'ਤੇ ਗੱਲ ਕੀਤੀ। ਭਾਜਪਾ ਸਰਕਾਰ 'ਤੇ ਸਵਾਲ ਉਠਾਉਂਦਿਆਂ ਹੋਇਆਂ ਵਿਧਾਇਕ ਨੇ ਕਿਹਾ ਕਿ ਯੋਗੀ ਰਾਜ 'ਚ ਸਿੱਖਾਂ ਦਾ ਸ਼ਰੇਆਮ ਕਤਲ ਹੋ ਰਿਹਾ ਹੈ। ਹੁਣ ਇੱਕ ਹੋਰ ਪੰਜਾਬੀ ਦਾ ਕਤਲ ਹੋ ਗਿਆ ਹੈ। ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ।