Ludhiana News: ਲੁਧਿਆਣਾ ਵਿੱਚ ਲੁੱਟ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਬੀਤੇ ਦਿਨੀਂ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਚੌਲਾਂ ਦੇ ਥੋਕ ਵਪਾਰੀ ਤੋਂ ਤਿੰਨ ਬਦਮਾਸ਼ਾਂ ਨੇ ਚਾਕੂ ਦੀ ਨੋਕ 'ਤੇ 2.5 ਲੱਖ ਰੁਪਏ ਲੁੱਟ ਲਏ। ਪੀੜਤ ਵਪਾਰੀ ਦੀ ਸ਼ਿਕਾਇਤ 'ਤੇ ਪੁਲਿਸ ਨੇ 3 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਸੀਸੀਟੀਵੀ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਚੌਲ ਖਰੀਦਣ ਜਾ ਰਹੇ ਸਨ ਪਿਓ-ਪੁੱਤ
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਆਦਰਸ਼ ਕਲੋਨੀ ਦੇ ਰਹਿਣ ਵਾਲੇ ਅੰਕੁਰ ਨੇ ਦੱਸਿਆ ਕਿ 15 ਨਵੰਬਰ ਨੂੰ ਦਲਾਲ ਪ੍ਰਮੋਦ ਦੇ ਕਹਿਣ 'ਤੇ ਉਹ ਆਪਣੇ ਪਿਤਾ ਨਾਲ 2.5 ਲੱਖ ਰੁਪਏ ਦੇ ਚੌਲ ਖਰੀਦਣ ਲਈ ਪ੍ਰਤਾਪ ਨਗਰ ਚੌਂਕ ਜਾ ਰਿਹਾ ਸੀ। ਉਸ ਨੇ ਪ੍ਰਤਾਪ ਚੌਕ ਪੁਲ ਚੜ੍ਹਨ ਤੋਂ ਪਹਿਲਾਂ ਸੜਕ ਦੇ ਕਿਨਾਰੇ ਕਾਰ ਰੋਕ ਦਿੱਤੀ।
ਪ੍ਰਮੋਦ ਨੇ ਉਸ ਨੂੰ ਕਰਕੇ ਪੁੱਛਿਆ ਕਿ ਤੁਸੀਂ ਕਿੱਥੇ ਹੋ? ਅੰਕੁਰ ਅਨੁਸਾਰ ਜਦੋਂ ਉਹ ਪੈਸਿਆਂ ਵਾਲਾ ਲਿਫਾਫਾ ਲੈ ਕੇ ਕਾਰ 'ਚੋਂ ਬਾਹਰ ਨਿਕਲਿਆ ਤਾਂ ਗ੍ਰੈਂਡ ਪਾਲਕੀ ਹੋਟਲ ਤੋਂ ਦੋ ਨੌਜਵਾਨ ਪੈਦਲ ਆਏ। ਉਕਤ ਬਦਮਾਸ਼ਾਂ ਨੇ ਚਾਕੂ ਦੀ ਨੋਕ 'ਤੇ ਉਸ ਕੋਲੋਂ ਪੈਸਿਆਂ ਵਾਲਾ ਲਿਫਾਫਾ ਖੋਹ ਲਿਆ। ਪ੍ਰਮੋਦ ਬਾਈਕ ਸਟਾਰਟ ਕਰਕੇ ਕੁਝ ਦੂਰੀ 'ਤੇ ਖੜ੍ਹਾ ਸੀ। ਬਦਮਾਸ਼ ਉਸ ਦੀ ਬਾਈਕ 'ਤੇ ਬੈਠ ਕੇ ਫਰਾਰ ਹੋ ਗਏ। ਅੰਕੁਰ ਅਨੁਸਾਰ ਉਸ ਨੇ ਤੁਰੰਤ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੂੰ ਸੂਚਿਤ ਕੀਤਾ।