Farmer: ਲੁਧਿਆਣਾ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਗਿੱਲ ਪਿੰਡ ਦੇ ਕਿਸਾਨ ਵੱਲੋਂ ਜ਼ਮੀਨੀ ਵਿਵਾਦ ਦੇ ਚਲਦਿਆਂ ਖੁਦਕੁਸ਼ੀ ਕਰਨ ਦੇ ਮਾਮਲੇ ਦੇ ਵਿੱਚ ਇਨਸਾਫ਼ ਦੀ ਮੰਗ ਦੇ ਲਈ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਪੱਕਾ ਧਰਨਾ ਲਗਾਇਆ ਹੋਇਆ ਹੈ, ਜਿਸ ਨੂੰ 28 ਦਿਨ ਤੋਂ ਵੱਧ ਹੋ ਚੁੱਕੇ ਹਨ।



ਸੜਕਾਂ ’ਤੇ ਧਰਨਾ ਦੇ ਕੇ ਆਵਾਜਾਈ ਰੋਕਣਗੇ


ਭੂ-ਮਾਫੀਆ ਦੀ ਠੱਗੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਵਾਲੇ ਲੁਧਿਆਣਾ ਦੇ ਕਿਸਾਨ ਸੁਖਵਿੰਦਰ ਸਿੰਘ ਦੇ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ 10 ਸਤੰਬਰ ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਰਣਵਾਂ ਦੇ ਲੁਧਿਆਣਾ-ਚੰਡੀਗੜ੍ਹ ਰੋਡ, ਸ੍ਰੀ ਮੁਕਤਸਰ ਸਾਹਿਬ ਦੇ ਮਾਨਾਂਵਾਲਾ ਪੁੱਲ, ਰਾਮਪੁਰਾ ਫੂਲ ਵਿਚ ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ ਮਾਰਗ, ਬਰਨਾਲਾ ਦੇ ਪਿੰਡ ਕੋਟਸ਼ਮੀਰ ’ਚ ਬਠਿੰਡਾ-ਮਾਨਸਾ ਤਲਵੰਡੀ ਸਾਬੋ ਰੋਡ, ਲੁਧਿਆਣਾ ਦੇ ਪਿੰਡ ਸਹਿਜਰਾ ਵਿਚ ਬਰਨਾਲਾ ਰੋਡ, ਸ੍ਰੀ ਮੁਕਤਸਰ ਸਾਹਿਬ ਵਿਚ ਪਿੰਡ ਫਕਰਸਰ ਥੇਹੜੀ ਵਿਚ ਮਲੋਟ-ਬਠਿੰਡਾ ਰੋਡ, ਫਾਜ਼ਿਲਕਾ ਦੇ ਪਿੰਡ ਰਾਮਪੁਰਾ ਵਿਚ ਫਾਜ਼ਿਲਕਾ-ਅਬੋਹਰ ਰੋਡ, ਫਿਰੋਜ਼ਪੁਰ ਦੇ ਪਿੰਡ ਖਾਈ ਵਿਚ, ਫਰੀਦਕੋਟ ਵਿਚ ਤੇਹਣਾ ਟੀ ਪੁਆਇੰਟ ਤੇ ਮਾਨਸਾ ਦੇ ਕੈਂਚੀਆਂ ਵਿਚ ਸੜਕਾਂ ’ਤੇ ਧਰਨਾ ਦੇ ਕੇ ਆਵਾਜਾਈ ਰੋਕਣਗੇ।


ਕਿਸਾਨ ਨੇ ਇਸ ਵਜ੍ਹਾ ਕਰਕੇ ਕੀਤੀ ਸੀ ਖੁਦਕੁਸ਼ੀ


ਬਠਿੰਡਾ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਤੇ ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਲੁਧਿਆਣਾ ਦੇ ਭੂ-ਮਾਫੀਆ ਨੇ ਕਿਸਾਨ ਸੁਖਵਿੰਦਰ ਸਿੰਘ ਦੀ ਸੱਤ ਏਕੜ ਜ਼ਮੀਨ ਹੜਪ ਲਈ। ਉਕਤ ਕਿਸਾਨ ਨਿਆਂ ਲਈ ਭਟਕਦਾ ਰਿਹਾ ਪਰ ਕੋਈ ਸੁਣਵਾਈ ਨਾ ਹੋਣ ’ਤੇ 11 ਅਗਸਤ ਨੂੰ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਯੂਨੀਅਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਉਦੋਂ ਤੋਂ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਦਫਤਰ ਦੇ ਸਾਹਮਣੇ ਸ਼ਾਂਤੀਪੂਰਨ ਧਰਨਾ ਦੇ ਰਹੀ ਹੈ।


ਕਿਸਾਨ ਸੜਕਾਂ ’ਤੇ ਉਤਰਨ ਲਈ ਮਜ਼ਬੂਰ


10 ਦਿਨਾਂ ਤੋਂ ਮ੍ਰਿਤਕ ਕਿਸਾਨ ਦੇ ਭਰਾ ਦਿਲਦਾਰ ਸਿੰਘ ਤੇ ਯੂਨੀਅਨ ਦੇ ਸੀਨੀਅਰ ਮੈਂਬਰ ਕਾਕਾ ਸਿੰਘ ਕੋਟੜਾ ਮਰਨ ਵਰਤ ’ਤੇ ਬੈਠੇ। ਦੋਵਾਂ ਕਿਸਾਨਾਂ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ ਪਰ ਪੁਲਿਸ ਸਿਆਸੀ ਦਬਾਅ ਵਿਚ ਕੋਈ ਕਾਰਵਾਈ ਨਹੀਂ ਕਰ ਰਹੀ। ਮਾਮਲੇ ਦੀ ਸੁਣਵਾਈ ਨਾ ਹੋਣ ਕਾਰਨ ਕਿਸਾਨ ਸੜਕਾਂ ’ਤੇ ਉਤਰਨ ਲਈ ਮਜ਼ਬੂਰ ਹਨ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਨਿਆਂ ਨਹੀਂ ਮਿਲ ਜਾਂਦਾ, ਉਦੋਂ ਤੱਕ ਜਾਮ ਨਹੀਂ ਖੋਲ੍ਹਿਆ ਜਾਵੇਗਾ।