Ludhiana News: ਲੁਟੇਰੇ ਲੋਕਾਂ ਨੂੰ ਲੁੱਟਣ ਦੇ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ। ਤਾਜ਼ਾ ਮਾਮਲਾ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ। ਲੁਧਿਆਣਾ ਦੇ ਸੁੰਦਰ ਨਗਰ ਇਲਾਕੇ 'ਚ ਬਾਈਕ ਸਵਾਰ ਬਦਮਾਸ਼ਾਂ ਨੇ ਪਿਸਤੌਲ ਦੀ ਨੋਕ 'ਤੇ ਵਿਅਕਤੀ ਨੂੰ ਲੁੱਟ ਲਿਆ। ਹੈਰਾਨੀ ਦੀ ਗੱਲ ਹੈ ਕਿ ਵਿਅਕਤੀ ਕੋਲ ਕੋਈ ਕੈਸ਼ ਵੀ ਨਹੀਂ ਸੀ, ਇਸ ਦੇ ਬਾਵਜੂਦ ਉਸ ਨੂੰ 2.64 ਲੱਖ ਰੁਪਏ ਦਾ ਚੂਨਾ ਲੱਗ ਗਿਆ ਹੈ।
ਦਰਅਸਲ ਬਦਮਾਸ਼ ਉਸ ਦਾ 38 ਹਜ਼ਾਰ ਰੁਪਏ ਦਾ ਮੋਬਾਈਲ ਤੇ ਏਟੀਐਮ ਕਾਰਡ ਖੋਹ ਕੇ ਲੈ ਗਏ। ਹੁਣ ਵਿਅਕਤੀ ਨੂੰ ਮੈਸੇਜ ਆਇਆ ਹੈ ਕਿ ਉਸ ਦੇ ਖਾਤੇ ਵਿੱਚੋਂ 2.64 ਲੱਖ ਰੁਪਏ ਕਢਵਾ ਲਏ ਗਏ ਹਨ। ਵਿਅਕਤੀ ਨੇ ਦੱਸਿਆ ਕਿ ਉਸ ਨੇ ਇਹ ਪੈਸੇ ਆਪਣੀ ਭੈਣ ਦੇ ਵਿਆਹ ਲਈ ਰੱਖੇ ਸਨ।
ਇਕਰਾਮ ਉਲ ਅੰਸਾਰੀ ਨੇ ਕਿਹਾ ਕਿ ਉਹ 21 ਦਿਨਾਂ ਤੋਂ ਲਗਾਤਾਰ ਦਰੇਸੀ ਥਾਣੇ ਦੇ ਚੱਕਰ ਲਾ ਰਿਹਾ ਹੈ, ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਉਹ ਹੌਜ਼ਰੀ ਵਿੱਚ ਦਰਜ਼ੀ ਦਾ ਕੰਮ ਕਰਦਾ ਹੈ। 16 ਨਵੰਬਰ ਦੀ ਰਾਤ ਨੂੰ ਉਹ ਸਾਈਕਲ ’ਤੇ ਆਪਣੇ ਘਰ ਪੰਜਾਬੀ ਬਾਗ ਜਾ ਰਿਹਾ ਸੀ। ਫੈਕਟਰੀ ਤੋਂ ਕੁਝ ਦੂਰੀ 'ਤੇ ਇੱਕ ਖਾਲੀ ਪਲਾਟ ਨੇੜੇ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ।
ਹਮਲਾਵਰਾਂ ਨੇ ਉਸ ਨੂੰ ਦਾਤਰ ਤੇ ਪਿਸਤੌਲ ਦਿਖਾ ਕੇ ਡਰਾਇਆ। ਉਨ੍ਹਾਂ ਨੇ ਉਸ ਦੀ ਜੇਬ ਵਿੱਚੋਂ ਮੋਬਾਈਲ ਤੇ ਏਟੀਐਮ ਕਾਰਡ ਕੱਢ ਲਿਆ। ਜਦੋਂ ਉਸ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਉਸ ਨੇ ਇਸ ਸਬੰਧੀ ਥਾਣਾ ਦਰੇਸੀ ਵਿੱਚ ਸ਼ਿਕਾਇਤ ਦਿੱਤੀ ਸੀ। ਪੁਲਿਸ ਨੇ ਸਿਰਫ਼ ਇੱਕ ਵਾਰ ਮੌਕੇ ’ਤੇ ਜਾ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਖਾਨਾਪੂਰਤੀ ਕਰ ਦਿੱਤੀ।
ਅੰਸਾਰੀ ਨੇ ਦੱਸਿਆ ਕਿ ਉਸ ਨੇ ਖੁਦ ਆਪਣੇ ਸਾਥੀਆਂ ਦੀ ਮਦਦ ਨਾਲ ਕਈ ਥਾਵਾਂ ਤੋਂ ਮੁਲਜ਼ਮਾਂ ਦੀ ਸੀਸੀਟੀਵੀ ਫੁਟੇਜ ਹਾਸਲ ਕਰਕੇ ਪੁਲਿਸ ਨੂੰ ਦਿੱਤੀ। ਉਸ ਦੇ ਬਾਈਕ ਦਾ ਨੰਬਰ ਵੀ ਪੁਲਿਸ ਨੂੰ ਦੇ ਦਿੱਤਾ ਪਰ ਹੁਣ ਤੱਕ ਪੁਲਿਸ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰ ਰਹੀ। ਉਹ ਹਰ ਰੋਜ਼ ਥਾਣੇ ਦੇ ਗੇੜੇ ਮਾਰ ਰਿਹਾ ਹੈ। ਉਹ ਪਿਛਲੇ 21 ਦਿਨਾਂ ਤੋਂ ਕੰਮ 'ਤੇ ਵੀ ਨਹੀਂ ਗਿਆ।