Ludhiana News: ਲੁਧਿਆਣਾ ਦੇ ਪਿੰਡ ਲਲਤੋਂ ਕਲਾਂ ਵਿੱਚ ਕੁਝ ਦਿਨ ਪਹਿਲਾਂ ਮਾਰੇ ਗਏ ਐਨਆਰਆਈ ਬਨਿੰਦਰਦੀਪ ਸਿੰਘ ਨੂੰ ਉਸ ਦੇ ਨੌਕਰ ਨੇ ਪੈਸੇ ਦੇ ਕੇ ਕਤਲ ਕਰਵਾਇਆ ਸੀ। ਕਮਿਸ਼ਨਰੇਟ ਪੁਲਿਸ ਨੇ ਕਤਲ ਦੇ ਮਾਸਟਰ ਮਾਈਂਡ ਨੌਕਰ ਸਮੇਤ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਐਨਆਰਆਈ ਅਤੇ ਉਸਦੇ ਪਰਿਵਾਰ ਦੀ ਸਾਰੀ ਜਾਇਦਾਦ ਹੜੱਪਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ।


3 ਲੱਖ ਰੁਪਏ ਵਿੱਚ ਹੋਇਆ ਸੀ ਸੌਦਾ ਤੈਅ


ਮੁਲਜ਼ਮ ਨੌਕਰ ਬਲ ਸਿੰਘ ਨੇ ਕਤਲ ਨੂੰ ਅੰਜਾਮ ਦੇਣ ਲਈ ਮੁਲਜ਼ਮਾਂ ਨਾਲ 3 ਲੱਖ ਰੁਪਏ ਵਿੱਚ ਸੌਦਾ ਤੈਅ ਕੀਤਾ ਸੀ ਅਤੇ 2.70 ਲੱਖ ਰੁਪਏ ਪੇਸ਼ਗੀ ਵਜੋਂ ਦਿੱਤੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਪੁਲਿਸ ਦੇ ਨਾਲ ਹੀ ਘੁੰਮ ਰਿਹਾ ਸੀ ਤੇ ਪਰਿਵਾਰ ਨਾਲ ਹੀ ਰੋਂਦਾ ਰਿਹਾ।


ਪੁਲਿਸ ਨੇ ਦੋਸ਼ੀ ਕੀਤੇ ਗ੍ਰਿਫ਼ਤਾਰ, ਹਥਿਆਰ ਤੇ ਨਗਦੀ ਕੀਤੀ ਬਰਾਮਦ


ਪੁਲਿਸ ਨੇ ਬਲ ਸਿੰਘ ਦੇ ਨਾਲ-ਨਾਲ ਜਗਰਾਜ ਸਿੰਘ ਉਰਫ ਜੱਗਾ ਵਾਸੀ ਸੀਆਰਪੀਐਫ ਕਲੋਨੀ ਦੁੱਗਰੀ, ਜਗਦੇਵ ਨਗਰ ਵਾਸੀ ਜਸਪ੍ਰੀਤ ਸਿੰਘ ਉਰਫ ਜੱਸੀ, ਸੋਹੇਲ ਅਲੀ ਵਾਸੀ ਪਿੰਡ ਮਹਿਮੂਦਪੁਰਾ, ਦੇਵ ਰਾਜ ਉਰਫ ਕਾਲੂ ਵਾਸੀ ਸ਼ਹੀਦ ਭਗਤ ਸਿੰਘ ਨਗਰ ਅਤੇ ਵਰਿੰਦਰ ਸਿੰਘ ਉਰਫ ਵਿੱਕੀ ਵਾਸੀ ਸ਼ਾਹਪੁਰੇਸ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲੀਸ ਨੇ ਤੇਜ਼ਧਾਰ ਹਥਿਆਰ ਅਤੇ 1.80 ਲੱਖ ਰੁਪਏ ਦੀ ਨਕਦੀ ਸਮੇਤ ਵਾਰਦਾਤ ’ਚ ਵਰਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।


15 ਸਾਲਾਂ ਤੋਂ ਪਰਿਵਾਰ ਨਾਲ ਹੀ ਰਹਿ ਰਿਹਾ ਸੀ ਦੋਸ਼ੀ


ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬਲ ਸਿੰਘ ਮੂਲ ਰੂਪ ਵਿੱਚ ਮੱਧ ਪ੍ਰਦੇਸ਼ ਦਾ ਵਸਨੀਕ ਹੈ। ਜਦੋਂ ਉਹ 12 ਸਾਲਾਂ ਦਾ ਸੀ ਤਾਂ ਉਸਦੇ ਮਾਤਾ-ਪਿਤਾ ਦੀ ਮੌਤ ਹੋ ਗਈ। ਉਹ ਐਨਆਰਆਈ ਬਨਿੰਦਰਦੀਪ ਸਿੰਘ ਦੇ ਪਰਿਵਾਰ ਨਾਲ ਰਹਿੰਦਾ ਸੀ। ਕਰੀਬ 15 ਸਾਲ ਇਕੱਠੇ ਰਹਿਣ ਕਾਰਨ ਹਰ ਕੋਈ ਉਸ ਨੂੰ ਪਰਿਵਾਰਕ ਮੈਂਬਰ ਕਹਿ ਕੇ ਬੁਲਾਉਂਦੇ ਸਨ ਅਤੇ ਪਰਿਵਾਰ ਵਾਲੇ ਵੀ ਉਸ ਨੂੰ ਆਪਣਾ ਪੁੱਤਰ ਹੀ ਆਖਦੇ ਸਨ। ਜਦੋਂ ਵੀ ਪ੍ਰਵਾਸੀ ਭਾਰਤੀ ਦਾ ਪੂਰਾ ਪਰਿਵਾਰ ਵਿਦੇਸ਼ ਹੁੰਦਾ ਸੀ ਤਾਂ ਬਲ ਸਿੰਘ ਸਾਰੀ ਜਾਇਦਾਦ, ਘਰ ਅਤੇ ਫਾਰਮ ਹਾਊਸ ਦੀ ਦੇਖਭਾਲ ਕਰਦਾ ਸੀ।