Ludhiana News: ਗਾਇਕਾ ਪਰਮਜੀਤ ਕੌਰ ਪੰਮੀ ਤੇ ਉਸ ਦੇ ਸਾਥੀ ਜਗਦੀਸ਼ ਸਿੰਘ ਦੀਸ਼ਾ ਨੂੰ ਚਿੱਟੇ ਦੀ ਤਸਕਰੀ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਗਾਇਕ ਪੰਮੀ ਚਿੱਟੇ ਦੀ ਸਮੱਗਲਰ ਹੈ ਜੋ ਨੌਜਵਾਨਾਂ ਨੂੰ ਚਿੱਟਾ ਸਪਲਾਈ ਕਰਦੀ ਸੀ। ਇਹ ਗ੍ਰਿਫਤਾਰੀ ਇੱਕ ਨੌਜਵਾਨ ਦੀ ਚਿੱਟੇ ਨਾਲ ਮੌਤ ਹੋਣ ਮਗਰੋਂ ਕੀਤੀ ਗਈ ਹੈ।



ਦੱਸ ਦਈਏ ਕਿ 30 ਜੁਲਾਈ ਨੂੰ ਖੰਨਾ ਦੇ ਮਾਛੀਵਾੜਾ ਸਾਹਿਬ ਦੇ ਕਬਰਿਸਤਾਨ 'ਚੋਂ ਬਾਂਹ 'ਤੇ ਸਰਿੰਜ ਬੰਨ੍ਹੀ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਵਾਸੀ ਪਿੰਡ ਮਾਣੇਵਾਲ ਵਜੋਂ ਹੋਈ ਸੀ। ਉਸ ਦੀ ਮੌਤ ਨਸ਼ੇ ਦਾ ਟੀਕਾ ਲਗਾਉਣ ਕਾਰਨ ਹੋਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਗਾਇਕਾ ਪਰਮਜੀਤ ਕੌਰ ਪੰਮੀ ਵਾਸੀ ਰਹੀਮਾਬਾਦ ਖੁਰਦ ਤੇ ਉਸ ਦੇ ਸਾਥੀ ਜਗਦੀਸ਼ ਸਿੰਘ ਦੀਸ਼ਾ ਵਾਸੀ ਲੱਖੋਵਾਲ ਕਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਹਾਸਲ ਜਾਣਕਾਰੀ ਮੁਤਾਬਕ ਜਾਂਚ ਤੋਂ ਪਤਾ ਲੱਗਾ ਕਿ ਗਾਇਕ ਪੰਮੀ ਚਿੱਟੇ ਦੀ ਸਮੱਗਲਰ ਹੈ ਜੋ ਨੌਜਵਾਨਾਂ ਨੂੰ ਚਿੱਟਾ ਸਪਲਾਈ ਕਰਦੀ ਸੀ। ਪੰਮੀ ਤੋਂ ਚਿੱਟਾ ਲੈ ਕੇ ਜਗਦੀਸ਼ ਨੇ ਕੁਲਦੀਪ ਸਿੰਘ ਤੇ ਸਾਥੀਆਂ ਨੂੰ ਦਿੱਤਾ ਸੀ। ਕੁਲਦੀਪ ਸਿੰਘ ਦੇ ਨਾਲ 4-5 ਹੋਰ ਨੌਜਵਾਨ ਵੀ ਟੀਕਾ ਲਾਉਣ ਲਈ ਕਬਰਸਤਾਨ ਗਏ ਸੀ। ਕੁਲਦੀਪ ਸਿੰਘ ਨੇ ਪਹਿਲਾਂ ਉਥੇ ਟੀਕਾ ਲਾਇਆ। ਟੀਕਾ ਲਗਾਉਂਦੇ ਹੀ ਕੁਲਦੀਪ ਸਿੰਘ ਜ਼ਮੀਨ 'ਤੇ ਡਿੱਗ ਗਿਆ। ਬਾਕੀ ਉਸ ਨੂੰ ਛੱਡ ਕੇ ਭੱਜ ਗਏ। ਕੁਲਦੀਪ ਦੀ ਮੌਤ ਹੋ ਗਈ। ਇਸ ਮਾਮਲੇ 'ਚ ਕੁਲਦੀਪ ਦੇ ਨਾਲ ਨਸ਼ਾ ਕਰਨ ਗਏ ਨੌਜਵਾਨਾਂ ਦੇ ਨਾਂ ਵੀ ਸਾਹਮਣੇ ਆ ਗਏ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। 



ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਦੀ ਕਾਲ ਡਿਟੇਲ ਤੋਂ ਬਾਅਦ ਪੁਲਿਸ ਨੂੰ ਲੀਡ ਮਿਲੀ। ਇਸ ਤੋਂ ਬਾਅਦ ਲਿੰਕ ਜੁੜਦਾ ਰਿਹਾ ਤੇ ਪਰਦਾਫਾਸ਼ ਹੋ ਗਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੈਮੀਕਲ ਤੋਂ ਚਿੱਟਾ ਪਾਊਡਰ ਤਿਆਰ ਕੀਤਾ ਜਾ ਰਿਹਾ ਹੈ, ਜੋ ਨੌਜਵਾਨਾਂ ਨੂੰ ਨਸ਼ਾ ਕਰਨ ਲਈ ਦਿੱਤਾ ਜਾਂਦਾ ਹੈ। ਕੁਲਦੀਪ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਕੈਮੀਕਲ ਨਾਲ ਤਿਆਰ ਪਾਊਡਰ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸ ਕਾਰਨ ਟੀਕਾ ਲਗਾਉਂਦੇ ਹੀ ਕੁਲਦੀਪ ਸਿੰਘ ਦੀ ਮੌਤ ਹੋ ਗਈ। ਕੈਮੀਕਲ ਪਾਊਡਰ ਦੀ ਤਸਕਰੀ ਸਬੰਧੀ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


ਪੁਲਿਸ ਮੁਤਾਬਕ ਪਰਮਜੀਤ ਕੌਰ ਪੰਮੀ ਦੀ ਭੈਣ ਬੇਅੰਤ ਕੌਰ ਨੇ ਕੁਝ ਸਮਾਂ ਪਹਿਲਾਂ ਆਪਣੇ ਘਰ ਵਿੱਚ ਹੀ ਨੌਜਵਾਨ ਨੂੰ ਨਸ਼ੀਲਾ ਪਦਾਰਥ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਬੇਅੰਤ ਦੇ ਘਰ ਟੀਕਾ ਲਾਉਣ ਤੋਂ ਬਾਅਦ ਨੌਜਵਾਨ ਦੀ ਮੌਤ ਹੋਣ 'ਤੇ ਲਾਸ਼ ਨੂੰ ਘਰ ਦੇ ਬਾਹਰ ਸੁੱਟ ਦਿੱਤਾ ਗਿਆ ਸੀ। ਪੁਲਿਸ ਨੇ ਬੇਅੰਤ ਕੌਰ ਨੂੰ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ ਜੋ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ। ਦੋਵੇਂ ਮੁਲਜ਼ਮ ਭੈਣਾਂ ਨੇ ਪੁਲਿਸ ਤੋਂ ਬਚਣ ਲਈ ਖੇਤਾਂ ਵਿੱਚ ਆਪਣਾ ਘਰ ਬਣਾਇਆ। ਘਰ ਦੇ ਦੋਵੇਂ ਪਾਸੇ ਡੇਢ ਕਿਲੋਮੀਟਰ ਲੰਬੀ ਕੱਚੀ ਸੜਕ ਹੈ। ਮੀਂਹ ਵਿੱਚ ਚਿੱਕੜ ਹੋਣ ਕਾਰਨ ਕਾਰ ਵੀ ਘਰ ਨਹੀਂ ਜਾਂਦੀ। ਇਸੇ ਦਾ ਫਾਇਦਾ ਉਠਾ ਕੇ ਪਰਮਜੀਤ ਕੌਰ ਪੰਮੀ ਨਸ਼ੇ ਦੀ ਸਪਲਾਈ ਕਰਦੀ ਸੀ।