Ludhiana News: ਫਤਿਹਗੜ੍ਹ ਸਾਹਿਬ 'ਚ 19 ਸਾਲ ਪਹਿਲਾਂ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ 'ਤੇ ਲੱਗਿਆ ਕਤਲ ਦਾ ਕਲੰਕ ਆਖਰ ਹੁਣ ਮਿਟਿਆ ਹੈ। ਇਸ ਮਾਮਲੇ ਵਿੱਚ ਸਾਲ 2004 ਦੀ ਐਫਆਈਆਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ। ਇਸ ਤੋਂ ਬਾਅਦ ਐਫਆਈਆਰ ਵਿੱਚ ਨਾਮਜ਼ਦ ਲੋਕਾਂ ਨੂੰ ਰਾਹਤ ਮਿਲੀ ਗੈ। 


ਇਸ ਬਾਰੇ ਪਿੰਡ ਨੌਗਾਵਾਂ ਦੇ ਸਾਬਕਾ ਸਰਪੰਚ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਕੁਲਵੰਤ ਸਿੰਘ 3 ਜੂਨ 2004 ਨੂੰ ਪਰਿਵਾਰ ਸਮੇਤ ਲਾਪਤਾ ਹੋ ਗਿਆ ਸੀ। ਦੋ ਬੱਚਿਆਂ ਸਮੇਤ 6 ਮੈਂਬਰ ਲਾਪਤਾ ਹੋਏ ਸਨ। ਇਸ ਤੋਂ ਬਾਅਦ ਬੱਸੀ ਪਠਾਣਾ ਪੁਲਿਸ ਨੇ ਬਿਨਾਂ ਕਿਸੇ ਜਾਂਚ ਪੜਤਾਲ ਦੇ ਜਸਪਾਲ ਸਿੰਘ, ਉਸ ਦੇ ਪੁੱਤਰ ਸੰਦੀਪ ਸਿੰਘ ਤੇ ਭਰਾ ਅਮਰ ਸਿੰਘ ਖਿਲਾਫ 5 ਜੂਨ 2004 ਨੂੰ ਧਾਰਾ 364, 34 ਅਧੀਨ ਮੁਕੱਦਮਾ ਦਰਜ ਕੀਤਾ ਸੀ। ਬਾਅਦ ਵਿੱਚ ਕਤਲ ਦੀ ਧਾਰਾ 302 ਲਾਈ ਗਈ ਸੀ। 


ਦੱਸ ਦਈਏ ਕਿ ਕੁਲਵੰਤ ਸਿੰਘ ਦੇ ਪਰਿਵਾਰ ਸਮੇਤ ਲਾਪਤਾ ਹੋਣ ਦਾ ਮਾਮਲਾ ਵੱਡੇ ਪੱਧਰ 'ਤੇ ਜਾਂਚ ਲਈ ਪਹੁੰਚਿਆ ਸੀ। ਇਸ ਦੀ ਸੀਬੀਆਈ ਜਾਂਚ ਵੀ ਬਿਠਾਈ ਗਈ ਸੀ। ਇਸ ਮਾਮਲੇ ਨੇ ਸਾਲ 2012 ਵਿੱਚ ਉਸ ਸਮੇਂ ਨਵਾਂ ਮੋੜ ਲਿਆ ਸੀ ਜਦੋਂ ਕੁਲਵੰਤ ਸਿੰਘ ਦੇ ਰਿਸ਼ਤੇਦਾਰ ਖੁਸ਼ਵਿੰਦਰ ਸਿੰਘ ਨੂੰ ਕਿਸੇ ਹੋਰ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਖੁਸ਼ਵਿੰਦਰ ਨੇ ਕਬੂਲ ਕੀਤਾ ਸੀ ਕਿ ਉਸ ਨੇ ਹੀ ਕੁਲਵੰਤ ਸਿੰਘ ਨੂੰ ਪਰਿਵਾਰ ਸਮੇਤ ਭਾਖੜਾ ਨਹਿਰ ਵਿੱਚ ਸੁੱਟਿਆ ਸੀ। 


ਇਸ ਕਾਰਨ ਸੀਬੀਆਈ ਨੇ ਸਾਲ 2012 ਵਿੱਚ ਵੱਖਰਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਇਸ ਮਾਮਲੇ ਵਿੱਚ ਖੁਸ਼ਵਿੰਦਰ ਸਿੰਘ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਪਰ ਇਸ ਦੇ ਬਾਵਜੂਦ ਪੁਲਿਸ ਦੇ ਰਿਕਾਰਡ ਵਿੱਚ ਜਸਪਾਲ ਸਿੰਘ, ਉਸ ਦਾ ਪੁੱਤਰ ਤੇ ਭਰਾ ਹਾਲੇ ਵੀ ਕਾਤਲ ਸਨ। 



ਜਸਪਾਲ ਦੇ ਪੁੱਤਰ ਸੰਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਰਿਵਾਰ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਪੁਲਿਸ ਦੇ ਕਈ ਅਧਿਕਾਰੀਆਂ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਸੀਬੀਆਈ ਅਧਿਕਾਰੀਆਂ ਨੇ ਜਾਂਚ ਕੀਤੀ ਤੇ ਇਸ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਵੀ ਦਿੱਤੀ ਸੀ। ਉਨ੍ਹਾਂ ਦਾ ਨਾਰਕੋ ਟੈਸਟ ਵੀ ਕਰਵਾਇਆ ਗਿਆ ਸੀ। ਹਾਲਾਂਕਿ 2012 ਵਿੱਚ ਕਾਤਲ ਫੜਿਆ ਗਿਆ ਸੀ ਪਰ ਸੀਬੀਆਈ ਵੱਲੋਂ ਇੱਕ ਵੱਖਰੀ ਐਫਆਈਆਰ ਦਰਜ ਕੀਤੀ ਗਈ ਸੀ। 


ਇਸ ਕਰਕੇ ਉਨ੍ਹਾਂ ਵਿਰੁੱਧ ਪੰਜਾਬ ਪੁਲਿਸ ਦੀ ਐਫਆਈਆਰ ਹਾਲੇ ਵੀ ਸਟੈਂਡ ਕਰ ਰਹੀ ਸੀ। ਫਤਿਹਗੜ੍ਹ ਸਾਹਿਬ ਦੀ ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਇਸ ਮਾਮਲੇ ਵਿੱਚ ਦਰਜਐਫਆਈਆਰ ਰੱਦ ਕਰਨ ਦੀ ਸਿਫ਼ਾਰਸ਼ ਕੀਤੀ। ਇਸ ਤੋਂ ਬਾਅਦ ਹਾਈਕੋਰਟ ਨੇ ਆਪਣਾ ਫੈਸਲਾ ਦਿੰਦੇ ਹੋਏ FIR ਨੂੰ ਰੱਦ ਕਰ ਦਿੱਤਾ।