Ludhiana News: ਜਿਹੜਾ ਕੰਮ ਪੁਲਿਸ ਨਾ ਕਰ ਸਕੀ, ਉਹ ਸਾਬਕਾ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਰ ਵਿਖਾਇਆ। ਸਿਮਰਜੀਤ ਬੈਂਸ ਨੇ ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਕਰੀਬ 25 ਜਣਿਆਂ ਦੇ 40 ਲੱਖ ਰੁਪਏ ਤੋਂ ਵੱਧ ਦੀ ਰਕਮ ਏਜੰਟਾਂ ਕੋਲੋਂ ਵਾਪਸ ਕਰਵਾਏ ਹਨ। ਬੈਂਸ ਨੇ ਕੋਟ ਮੰਗਲ ਸਿੰਘ ਸਥਿਤ ਆਪਣੇ ਦਫ਼ਤਰ ਵਿੱਚ ਇਨ੍ਹਾਂ ਲੋਕਾਂ ਨੂੰ 40 ਲੱਖ ਰੁਪਏ ਦੀ ਰਾਸ਼ੀ ਸੌਂਪੀ। 


ਇਸ ਮੌਕੇ ਬੈਂਸ ਨੇ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਆਪਣੇ-ਆਪ ਨੂੰ ਆਮ ਆਦਮੀ ਦੀ ਸਰਕਾਰ ਕਹਿਣ ਵਾਲੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਦੇ ਰਾਜ ਵਿੱਚ ਲੋਕ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਤੇ ਉਨ੍ਹਾਂ ਦੇ ਖੂਨ ਪਸੀਨੇ ਦੀ ਕਮਾਈ ਲੁੱਟ ਰਹੇ ਹਨ। ਸਰਕਾਰ ਤੇ ਪੁਲਿਸ ਠੱਗਾਂ ’ਤੇ ਕਾਰਵਾਈ ਕਰਨ ਦੀ ਬਜਾਏ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ।



ਬੈਂਸ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੋਂ ਏਜੰਟ ਪੀੜਤ 25 ਲੋਕਾਂ ਦਾ ਵਫ਼ਦ ਉਨ੍ਹਾਂ ਨੂੰ ਮਿਲਿਆ ਸੀ ਜਿਨ੍ਹਾਂ ਏਜੰਟ ਵੱਲੋਂ ਮਾਰੀਆਂ ਠੱਗੀਆਂ ਬਾਰੇ ਦੱਸਿਆ ਸੀ। ਲੋਕਾਂ ਨੇ ਦੱਸਿਆ ਸੀ ਕਿ ਉਨ੍ਹਾਂ ਇਸ ਬਾਰੇ ਮੌਜੂਦਾ ਸਰਕਾਰ ਦੇ ਆਗੂਆਂ, ਨੁਮਾਇੰਦਿਆਂ ਨੂੰ ਆਪਣੇ ਨਾਲ ਹੋਈ ਠੱਗੀ ਬਾਰੇ ਦੱਸਿਆ ਤੇ ਪੁਲਿਸ ਕਮਿਸ਼ਨਰ ਨੂੰ ਵੀ ਇਸ ਬਾਰੇ ਦਰਖਾਸਤ ਵੀ ਦਿੱਤੀ, ਪਰ ਕਿਸੇ ਥਾਂ ਵੀ ਸੁਣਵਾਈ ਨਹੀਂ ਹੋਈ। 



ਇਸ ਤੋਂ ਬਾਅਦ ਉਹ ਸਾਬਕਾ ਵਿਧਾਇਕ ਬੈਂਸ ਨੂੰ ਮਿਲੇ ਜਿਨ੍ਹਾਂ ਵਾਅਦਾ ਕੀਤਾ ਕਿ ਉਹ ਉਨ੍ਹਾਂ ਦੇ 40 ਲੱਖ ਰੁਪਏ ਤੇ ਪਾਸਪੋਰਟ ਜ਼ਰੂਰ ਵਾਪਸ ਦਿਵਾਉਣਗੇ। ਇਸ ਤੋਂ ਬਾਅਦ ਸਾਬਕਾ ਵਿਧਾਇਕ ਨੇ ਖ਼ੁਦ ਆਪਣੇ ਤੌਰ ’ਤੇ ਟਰੈਵਲ ਏਜੰਟ ਨਾਲ ਗੱਲ ਕੀਤੀ ਤੇ ਸਪੱਸ਼ਟ ਕੀਤਾ ਕਿ ਉਹ ਆਪਣੇ ਖ਼ਰਚੇ ’ਤੇ ਇਨ੍ਹਾਂ ਲੋਕਾਂ ਨੂੰ ਕਾਨੂੰਨੀ ਸਹਾਇਤਾ ਦਿਵਾਉਣਗੇ ਤੇ ਫਿਰ ਟਰੈਵਲ ਏਜੰਟ ਨੂੰ ਉਸਦੇ ਕੀਤੇ ਦੀ ਸਜ਼ਾ ਦਿਵਾਈ ਜਾਵੇਗੀ। 


ਇਸ ਤੋਂ ਬਾਅਦ ਟਰੈਵਲ ਏਜੰਟ ਨੇ ਸਮਝੌਤਾ ਕੀਤਾ ਤੇ ਬੈਂਸ ਦੇ ਕਹਿਣ ’ਤੇ 40 ਲੱਖ ਰੁਪਏ 25 ਜਣਿਆਂ ਨੂੰ ਮੋੜਨ ਤੋਂ ਇਲਾਵਾ ਪਾਸਪੋਰਟ ਵੀ ਵਾਪਸ ਕੀਤੇ। ਪੈਸੇ ਵਾਪਸ ਮਿਲਣ ’ਤੇ ਲੋਕਾਂ ਨੇ ਸਾਬਕਾ ਵਿਧਾਇਕ ਸ੍ਰੀ ਬੈਂਸ ਦਾ ਧੰਨਵਾਦ ਕੀਤਾ। ਇਸ ਮੌਕੇ ਬੈਂਸ ਨੇ ਕਿਹਾ ਕਿ ਪੰਜਾਬ ਤੋਂ ਪੜ੍ਹਾਈ ਜਾਂ ਰੁਜ਼ਗਾਰ ਲਈ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨਾਲ ਕੁਝ ਟਰੈਵਲ ਏਜੰਟਾਂ ਵੱਲੋਂ ਠੱਗੀ ਮਾਰਨ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ।