Punjab Congress:ਸਮਰਾਲਾ ਵਿੱਚ ਕਾਂਗਰਸ ਦੀ ਰੈਲੀ ਹੋਈ ਜਿਸ ਵਿੱਚ ਕਾਂਗਰਸ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਇਸ ਮੌਕੇ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਕਿ ਉਹ ਕਿਸ ਮੂਹ ਨਾਲ ਦੁਬਾਰਾ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰਨ ਜਾ ਰਹੇ ਹਨ ?
ਖਹਿਰਾ ਨੇ ਕਿਹਾ ਕਿ ਅਕਾਲੀ ਦਲ ਨੇ ਘੱਟੋ-ਘੱਟ ਸਮਰਥਨ ਮੁੱਲ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਵਿੱਢੇ ਗਏ ਸੰਘਰਸ਼ ਕਾਰਨ ਭਾਜਪਾ ਦਾ ਸਾਥ ਛੱਡਿਆ ਸੀ ਤੇ ਇਸ ਕਰਕੇ ਹਰਸਿਮਰਤ ਕੌਰ ਬਾਦਲ ਨੇ ਆਪਣੀ ਵਜ਼ੀਰੀ ਤੋਂ ਵੀ ਅਸਤੀਫ਼ਾ ਦਿੱਤਾ ਸੀ ਪਰ ਐਮਐਸਪੀ ਨੂੰ ਲੈ ਕੇ ਤਾਂ ਅਜੇ ਤੱਕ ਕਾਨੂੰਨ ਨਹੀਂ ਬਣਿਆ, ਕਿਸਾਨਾਂ ਨੂੰ ਲਗਤਾਰਾ ਠੱਗਿਆ ਜਾ ਰਿਹਾ ਹੈ।
ਖਹਿਰਾ ਨੇ ਕਿਹਾ ਕਿ ਕਿਸਾਨ ਮੁੜ 13 ਤਾਰੀਕ ਨੂੰ ਦਿੱਲੀ ਜਾ ਰਹੇ ਹਨ ਤੇ ਕੇਂਦਰ ਖ਼ਿਲਾਫ਼ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਤਾਂ ਫਿਰ ਹੁਣ ਅਜਿਹਾ ਕੀ ਬਦਲਿਆ ਹੈ ਜੋ ਤੁਸੀਂ ਮੁੜ ਤੋਂ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰਨ ਜਾ ਰਹੇ ਹੋ।
ਖਹਿਰਾ ਨੇ ਕਿਹਾ ਕਿ ਇਹ ਹੁਣ ਅਕਾਲੀ ਦਲ ਹੈ ਇਹ ਸ਼੍ਰੋਮਣੀ ਅਕਾਲੀ ਦਲ ਨਹੀਂ, ਕਿਉਂਕਿ ਹੁਣ ਇਹ ਇੱਕ ਪਰਿਵਾਰ ਦਾ ਪਾਰਟੀ ਬਣ ਕੇ ਰਹਿ ਗਈ ਹੈ। ਖਹਿਰਾ ਨੇ ਕਿਹਾ ਕਿ ਜਦੋਂ ਪੰਜਾਬ ਦੇ ਨੌਜਵਾਨਾਂ ਉੱਤੇ ਨੈਸ਼ਨਲ ਸਕਿਓਰਟੀ ਐਕਟ (NSA) ਲਾ ਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ ਤੇ ਵਿਦੇਸ਼ਾਂ ਵਿੱਚ ਚੁਣ-ਚੁਣ ਕੇ ਸਿੱਖ ਲੀਡਰਾਂ ਦਾ ਕਤਲ ਕੀਤਾ ਜਾ ਰਿਹਾ ਹੈ ਤਾਂ ਸੁਖਬੀਰ ਬਾਦਲ ਉੱਥੇ ਕਿਉਂ ਨੇ ਨਹੀਂ ਬੋਲਦੇ।
ਖਹਿਰਾ ਨੇ ਇਸ ਮੌਕੇ ਜਥੇਦਾਰ ਜਗਦੇਵ ਸਿੰਘ ਕਾਉਂਕੇ ਦਾ ਕਤਲ ਦਾ ਮੁੱਦਾ ਵੀ ਚੁੱਕਿਆ। ਖਹਿਰਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ 15 ਸਾਲ ਅਕਾਲੀ ਦਲ ਦੀ ਸਰਕਾਰ ਸੱਤਾ ਵਿੱਚ ਰਹੀ ਪਰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਨਸਾਫ਼ ਨਾ ਦੇ ਸਕੀ।
ਇਸ ਮੌਕੇ ਸੁਖਪਾਲ ਖਹਿਰਾ ਨੇ ਲੋਕਾਂ ਨੂੰ ਇੰਡੀਆ ਗੱਠਜੋੜ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਖਹਿਰਾ ਨੇ ਕਿਹਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਦੇਸ਼ ਵਿੱਚ ਸੰਵਿਧਾਨ ਨਾ ਹੋਵੇ, ਲੋਕਤੰਤਰ ਨਾ ਹੋਵੇ ਤੇ ਤਾਨਾਸ਼ਾਹੀ ਹੋਵੇ ਤਾਂ ਤੁਸੀਂ ਦੂਜੇ ਗੱਠਜੋੜ ਨੂੰ ਵੋਟ ਪਾ ਸਕਦੇ ਹੋ ਪਰ ਜੇ ਤੁਸੀਂ ਆਜ਼ਾਦੀ ਨਾਲ ਲੋਕਤੰਤਰ ਮਾਨਣਾ ਚਾਹੁੰਦੇ ਹੋ ਤਾਂ ਇੰਡੀਆ ਗੱਠਜੋੜ ਨੂੰ ਵੋਟ ਪਾ ਕੇ ਸੱਤਾ ਵਿੱਚ ਲੈ ਕੇ ਆਓ।