Ludhiana News: ਲੁਧਿਆਣਾ ਵਿੱਚ ਤੀਜਾ ਐਨਆਰਆਈ ਮਿਲਣੀ ਸੰਮੇਲਨ ਹੋਇਆ। ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਉਨ੍ਹਾਂ ਕਿਹਾ ਕਿ ਸਿੱਖਿਆ, ਵਿਆਹ ਤੇ ਜ਼ਮੀਨੀ ਵਿਵਾਦ ਦੇ ਜ਼ਿਆਦਾ ਮਾਮਲੇ ਆ ਰਹੇ ਹਨ। ਇਸ ਦੌਰਾਨ ਐਨਆਰ ਆਈਜ਼ ਨੇ ਕਿਹਾ ਆਈਪੀਐਸ ਅਫਸਰ ਅੰਗਰੇਜਾਂ ਵਰਗਾ ਸਲੂਕ ਕਰਦੇ ਹਨ। ਲੁਧਿਆਣਾ ਤੋਂ ਬਾਅਦ ਹੁਣ 26 ਨੂੰ ਮੋਗਾ ਵਿਖੇ ਤੇ 30 ਨੂੰ ਅੰਮ੍ਰਿਤਸਰ ਵਿਖੇ ਇਹ ਸੰਮੇਲਨ ਕਰਵਾਇਆ ਜਾਵੇਗਾ।



ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਵਿਭਾਗ ਮੇਰੇ ਕੋਲ ਹੈ। ਇਸ ਕਰਕੇ ਮੁੱਖ ਮੰਤਰੀ ਪੰਜਾਬ ਵੱਲੋਂ ਕਿਹਾ ਗਿਆ ਹੈ ਕਿ ਖਾਸ ਕਰਕੇ ਐਨਆਰਆਈਜ਼ ਦੀ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਏ। ਉਨ੍ਹਾਂ ਕਿਹਾ ਕਿ ਸਾਡੇ ਕੋਲ ਜ਼ਿਆਦਾਤਰ ਮਾਮਲੇ ਜਾਇਦਾਦ ਤੇ ਸਿੱਖਿਆ ਨੂੰ ਲੈ ਕੇ ਆਏ ਹਨ। ਇਸ ਦੇ ਨਾਲ ਹੀ ਹੁਣ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਵਿੱਚ ਲੜਕੀ ਪੜ੍ਹੀ-ਲਿਖੀ ਵੇਖ ਕੇ ਉਸ ਦਾ ਵੀਜ਼ਾ ਲਵਾ ਕੇ ਉਸ ਨੂੰ ਬਾਹਰ ਭੇਜਿਆ ਜਾਂਦਾ ਹੈ। ਫਿਰ ਲੜਕੀ ਮੁੰਡੇ ਨੂੰ ਲਿਜਾਣ ਤੋਂ ਮੁੱਕਰ ਜਾਂਦੀ ਹੈ। ਇਸ ਨਾਲ ਝਗੜੇ ਵਧ ਜਾਂਦੇ ਹਨ।


ਉਥੇ ਹੀ ਸੰਮੇਲਨ ਵਿੱਚ ਪੁੱਜੇ ਐਨਆਰਆਈਜ਼ ਵੱਲੋਂ ਆਪਣੇ ਮਸਲੇ ਸਾਂਝੇ ਕਰਦੇ ਹੋਇਆਂ ਕਿਹਾ ਕਿ ਅੱਜ ਵੀ ਜਿਹੜੇ ਆਈਪੀਐਸ ਤੇ ਪੁਲਿਸ ਦੇ ਵੱਡੇ ਅਫ਼ਸਰ ਨੇ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ, ਉਹ ਇਸ ਤਰ੍ਹਾਂ ਸਲੂਕ ਕਰਦੇ ਹਨ ਜਿਵੇਂ ਉਹ ਅੰਗਰੇਜ਼ ਹੁੰਦੇ ਨੇ ਤੇ ਅਸੀਂ ਅਜ਼ਾਦੀ ਤੋਂ ਪਹਿਲਾਂ ਦੇ ਭਾਰਤੀ। ਉਨ੍ਹਾਂ ਕਿਹਾ ਕਿ ਹੇਠਲੇ ਪੱਧਰ ਤੇ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਹੈ ਜਿਸ ਨੂੰ ਖਤਮ ਕਰਨਾ ਚਾਹੀਦਾ ਹੈ। ਕੰਮ ਕਰਵਾਉਣ ਲੱਗੇ ਸਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨ। ਦਸਤਾਵੇਜ਼ ਇਕੱਠੇ ਕਰਨੇ ਕਾਗਜ਼ੀ ਕਾਰਵਾਈ ਬਹੁਤ ਜ਼ਿਆਦਾ ਹੁੰਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਨੂੰ ਸਰਕਾਰ ਤੋਂ ਕਾਫੀ ਉਮੀਦਾਂ ਹਨ।



ਇਸ ਮੌਕੇ ਮੰਤਰੀ ਨੇ ਪੰਜਾਬ ਦੇ ਸਨਅਤਕਾਰਾਂ ਵੱਲੋਂ ਬਾਹਰਲੇ ਸੂਬਿਆਂ ਵਿੱਚ ਜਾ ਕੇ ਨਿਵੇਸ਼ ਕਰਨ ਦੇ ਮਾਮਲੇ 'ਤੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਉਨ੍ਹਾ ਕਿਹਾ ਕੇ ਸਨਅਤ ਨੂੰ ਬਾਹਰੋਂ ਆਫਰ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਹੀ ਇਸ ਤਰ੍ਹਾਂ ਦਾ ਮਾਹੌਲ ਬਣਾ ਦਿਆਂਗੇ ਕਿ ਪੰਜਾਬ ਵਿੱਚ ਹੀ ਇੰਡਸਟਰੀ ਲੱਗੇਗੀ। ਉਨ੍ਹਾਂ ਇਹ ਵੀ ਕਿਹਾ ਕਿ ਹਰ ਕਿਸੇ ਨੂੰ ਕਿਤੇ ਵੀ ਜਾਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਇਹ ਸਭ ਵਿਰੋਧੀਆਂ ਦੀਆਂ ਚਾਲਾਂ ਨੇ ਜੋ ਸਰਕਾਰ ਨੂੰ ਬਦਨਾਮ ਕਰ ਰਹੇ ਹਨ।