Ludhiana News: ਬੀਤੀ ਦਿਨ ਸ਼ਾਮ ਨੂੰ ਸਮਰਾਲਾ ਦੇ ਪਿੰਡ ਉਟਾਲਾਂ 'ਚ ਜੇਐਸ ਸੀਮੈਂਟ ਸਟੋਰ ਵਿੱਚ ਬਜ਼ੁਰਗ ਦੁਕਾਨਦਾਰ ਕੋਲ ਸਾਮਾਨ ਲੈਣ ਆਏ ਤਿੰਨ ਨੌਜਵਾਨਾਂ ਨੇ ਉਲਝਾ ਕੇ 50 ਹਜ਼ਾਰ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਲੁੱਟ ਦਾ ਦੁਕਾਨਦਾਰ ਨੂੰ ਕਰੀਬ ਦੋ ਘੰਟੇ ਬਾਅਦ ਪਤਾ ਚੱਲਿਆ ਜਦੋਂ ਉਹ ਸਾਰੇ ਦਿਨ ਦੀ ਸੇਲ ਨੂੰ ਚੈੱਕ ਕਰ ਰਿਹਾ ਸੀ। 



ਇਸ ਦੌਰਾਨ ਦੁਕਾਨਦਾਰ ਨੂੰ ਪਤਾ ਚੱਲਿਆ ਕਿ ਉਸ ਦੇ ਗੱਲੇ ਵਿੱਚੋਂ 50 ਹਜ਼ਾਰ ਰੁਪਏ ਗਾਇਬ ਹਨ। ਦੁਕਾਨਦਾਰ ਵੱਲੋਂ ਦੁਕਾਨ ਅੰਦਰ ਲੱਗੇ ਹੋਏ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਇਸ ਘਟਨਾ ਬਾਰੇ ਪਤਾ ਚੱਲਿਆ। ਦੁਕਾਨਦਾਰ ਵੱਲੋਂ ਤੁਰੰਤ ਸਮਰਾਲਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ।


ਪੀੜਤ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ ਨੂੰ ਉਹ ਆਪਣੀ ਦੁਕਾਨ ਤੇ ਆਪਣੇ ਪਿਤਾ ਜਸਵੰਤ ਸਿੰਘ ਨੂੰ ਬਿਠਾ ਕੇ ਕਿਤੇ ਕੰਮ ਗਿਆ ਹੋਇਆ ਸੀ। ਪਿੱਛੋਂ ਤਿੰਨ ਨੌਜਵਾਨ ਸੈਂਟਰ ਦਾ ਸਾਮਾਨ ਲੈਣ ਲਈ ਦੁਕਾਨ ਵਿੱਚ ਆਏ ਤੇ ਮੇਰੇ ਪਿਤਾ ਕੋਲ ਸਾਮਾਨ ਲੈ ਕੇ ਪੈਸੇ ਦੇ ਦਿੱਤੇ। ਉਸ ਤੋਂ ਬਾਅਦ ਦੁਬਾਰਾ ਨੌਜਵਾਨਾਂ ਨੇ ਹੋਰ ਸਾਮਾਨ ਦੀ ਮੰਗ ਕੀਤੀ ਤੇ ਮੇਰੇ ਪਿਤਾ ਨੂੰ ਉਲਝਾ ਕੇ ਗੱਲੇ ਵਿੱਚ ਪਏ 50,000 ਲੁੱਟ ਕੇ ਲਏ ਗਏ। ਜਦੋਂ ਇਸ ਸਾਰੀ ਘਟਨਾ ਦਾ ਸਾਨੂੰ ਪਤਾ ਚੱਲਿਆ ਤਾਂ ਪਹਿਲਾਂ ਸੀਸੀਟੀਵੀ ਕੈਮਰੇ ਦੇਖੇ ਤੇ ਫਿਰ ਸਮਰਾਲਾ ਪੁਲਿਸ ਨੂੰ ਸੂਚਨਾ ਦਿੱਤੀ।


ਬਜ਼ੁਰਗ ਦੁਕਾਨਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਦੁਕਾਨ ਤੇ ਬੈਠਾ ਸੀ ਤੇ ਘਟਨਾ ਵਾਲੀ ਸ਼ਾਮ ਉਸ ਦਾ ਬੇਟਾ ਨਾਲ ਦੇ ਪਿੰਡੋਂ ਪੇਮੈਂਟ ਲੈਣ ਲਈ ਗਿਆ ਹੋਇਆ ਸੀ। ਉਹ ਦੁਕਾਨ ਤੇ ਇਕੱਲਾ ਸੀ। ਤਿੰਨ ਨੌਜਵਾਨ ਕੁਝ ਸਾਮਾਨ ਲੈਣ ਲਈ ਉਸ ਦੀ ਦੁਕਾਨ ਤੇ ਆਏ ਜਿਨਾਂ ਵਿੱਚੋਂ ਦੋ ਦੁਕਾਨ ਦੇ ਅੰਦਰ ਆ ਗਏ ਤੇ ਇੱਕ ਬਾਹਰ ਮੋਟਰਸਾਈਕਲ ਤੇ ਬੈਠਾ ਰਿਹਾ। 


ਦੋਨਾਂ ਨੌਜਵਾਨਾਂ ਨੇ ਮੇਰੇ ਤੋਂ ਕੁਝ ਸਾਮਾਨ ਮੰਗਿਆ ਤੇ ਮੈਨੂੰ 500 ਰੁਪਈਆ ਦੇ ਦਿੱਤਾ। ਜਦੋਂ ਮੈਂ ਪੈਸੇ ਗੱਲੇ ਵਿੱਚ ਰੱਖੇ ਤਾਂ ਉਨ੍ਹਾਂ ਨੇ ਗੱਲੇ ਵਿੱਚ ਪਈ ਪੇਮੈਂਟ ਨੂੰ ਦੇਖ ਲਿਆ ਤੇ ਮੈਨੂੰ ਹੋਰ ਸਾਮਾਨ ਦੇਣ ਲਈ ਉਲਝਾ ਲਿਆ ਤੇ ਉਸੇ ਦੌਰਾਨ ਮੇਰੇ ਗੱਲੇ ਵਿੱਚੋਂ 50 ਹਜਾਰ ਰੁਪਏ ਕੱਢ ਲਏ। ਇਸ ਦਾ ਮੈਨੂੰ ਤਕਰੀਬਨ ਦੋ ਘੰਟੇ ਬਾਅਦ ਪਤਾ ਲੱਗਿਆ ਤੇ ਅਸੀਂ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।



ਸਮਰਾਲਾ ਪੁਲਿਸ ਦੇ ਐਸਐਚਓ ਰਾਓ ਵਰਿੰਦਰ ਨੇ ਦੱਸਿਆ ਕਿ ਬੀਤੀ ਸ਼ਾਮ ਪਿੰਡ ਓਟਾਲਾ ਦੇ ਵਿੱਚ ਜੀਐਸ. ਸੀਮੈਂਟ ਸਟੋਰ ਤੇ ਤਿੰਨ ਨੌਜਵਾਨ ਦੁਕਾਨਦਾਰ ਜਸਵੰਤ ਸਿੰਘ ਨੂੰ ਉਲਝਾ ਕੇ ਕਰੀਬ 50 ਹਜਾਰ ਰੁਪਏ ਲੁੱਟ ਕੇ  ਲੈ ਗਏ ਹਨ। ਸਮਰਾਲਾ ਪੁਲਿਸ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਜਲਦ ਹੀ ਇਹ ਗੁੱਥੀ ਸੁਲਝਾ ਲਈ ਜਾਵੇਗੀ।