Ludhiana News: ਨਗਰ ਨਿਗਮ ਚੋਣਾਂ ਦੇ ਅੰਦਰ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਾ ਮਿਲਣ ਕਰਕੇ ਹੁਣ ਲੁਧਿਆਣਾ ਦੇ ਵਿੱਚ ਮੇਅਰ ਬਣਾਉਣ ਨੂੰ ਲੈ ਕੇ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ। ਇਸ ਮੌਕੇ ਚਰਚਾਵਾਂ ਚੱਲ ਰਹੀਆਂ ਹਨ ਕਿ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਆਪਸ ਵਿੱਚ ਸਮਝੌਤਾ ਕਰ ਸਕਦੇ ਹਨ।
ਇਸ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਲੁਧਿਆਣਾ ਕਾਰਪੋਰੇਸ਼ਨ ਵਿੱਚ ਭਾਜਪਾ ਤੇ ਕਾਂਗਰਸ ਵਿੱਚ ਗਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਾਡਾ ਟੀਚਾ ਕਾਂਗਰਸ ਮੁਕਤ ਭਾਰਤ ਹੈ, ਤੇ ਕਾਂਗਰਸ ਦਾ ਸਮਰਥਨ ਕਰਨਾ ਸਾਡੇ ਸਿਧਾਂਤਾਂ ਦੇ ਵਿਰੁੱਧ ਹੈ। ਚੱਲ ਰਹੇ ਵਿਵਾਦਾਂ ਤੇ ਮੀਡੀਆ ਦੀਆਂ ਅਟਕਲਾਂ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ।
ਜ਼ਿਕਰ ਕਰ ਦਈਏ ਕਿ ਨਿਗਮ ਦੀ ਚੋਣ ਵਿੱਚ ਆਮ ਆਦਮੀ ਪਾਰਟੀ ਬੇਸ਼ੱਕ 41 ਵਾਰਡਾਂ ਵਿੱਚ ਜਿੱਤ ਹਾਸਲ ਕਰਕੇ ਸਭ ਤੋਂ ਵੱਡੀ ਪਾਰਟੀ ਬਣੀ ਹੈ ਪਰ ਦੂਜੇ ਪਾਸੇ ਕਾਂਗਰਸ ਪਾਰਟੀ ਨੂੰ 30, ਭਾਰਤੀ ਜਨਤਾ ਪਾਰਟੀ ਨੂੰ 19 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ ਦੋ ਵਾਰਡਾਂ ਵਿੱਚ ਹੀ ਜਿੱਤ ਮਿਲੀ। ਰਤਨਜੀਤ ਕੌਰ ਸਿਵੀਆ ਸਮੇਤ ਤਿੰਨ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।
ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਜੈ ਤਲਵਾੜ ਨੇ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਹੈ ਕਿ ਲੁਧਿਆਣਾ ਦਾ ਮੇਅਰ ਕਾਂਗਰਸ ਪਾਰਟੀ ਨਾਲ ਸਬੰਧਤ ਹੋਵੇਗਾ। ਤਲਵਾੜ ਦੇ ਇਸ ਬਿਆਨ ਨੂੰ ਸਿਆਸੀ ਹਲਕਿਆਂ ਵਿੱਚ ਬਹੁਤ ਮਹੱਤਵ ਦਿੱਤਾ ਜਾ ਰਿਹਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਕੇਵਲ 30 ਉਮੀਦਵਾਰ ਚੋਣ ਜਿੱਤ ਸਕੇ ਹਨ ਤੇ ਮੇਅਰ ਬਣਾਉਣ ਲਈ ਪਾਰਟੀ ਨੂੰ 52 ਕੌਂਸਲਰਾਂ ਦੀ ਲੋੜ ਹੈ ਜੋ ਇਸ ਵੇਲੇ ਔਖਾ ਕੰਮ ਹੈ।
ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਕੇਂਦਰੀ ਸਿਆਸਤ ਵਿੱਚ ਕਾਂਗਰਸ ਅਤੇ ‘ਆਪ’ ਇੰਡੀਆ ਗਠਜੋੜ ਦਾ ਹਿੱਸਾ ਹਨ। ਬੇਸ਼ੱਕ ਪੰਜਾਬ ਵਿੱਚ ਦੋਵੇਂ ਪਾਰਟੀਆਂ ਨੇ ਪੰਜਾਬ ਵਿਧਾਨ ਸਭਾ ਤੇ ਹੁਣ ਨਗਰ ਨਿਗਮ ਦੀਆਂ ਚੋਣਾਂ ਇਕੱਲਿਆਂ ਇਕੱਲਿਆਂ ਹੀ ਲੜੀਆਂ ਹਨ ਪਰ ਹੋ ਸਕਦਾ ਹੈ ਕਿ ਕੇਂਦਰੀ ਲੀਡਰਸ਼ਿਪ ਦੇ ਦਖ਼ਲ ’ਤੇ ਦੋਵੇਂ ਪਾਰਟੀਆਂ ਰਲ ਕੇ ਲੁਧਿਆਣਾ ਉੱਪਰ ਆਪਣਾ ਮੇਅਰ ਬਣਾ ਸਕਣ।
ਦੂਜੇ ਪਾਸੇ ਲੋਕਾਂ ਦੀ ਨਜ਼ਰ ਭਾਜਪਾ ਵੱਲ ਵੀ ਹੈ ਕਿਉਂਕਿ ਹੋ ਸਕਦਾ ਹੈ ਕਿ ਉਹ ਕਾਂਗਰਸ ਪਾਰਟੀ ਨਾਲ ਰਲ ਕੇ ਨਗਰ ਨਿਗਮ ਉੱਪਰ ਆਪਣਾ ਕਬਜ਼ਾ ਕਾਇਮ ਕਰਨ ਲਈ ਆਪਸੀ ਗੱਠਜੋੜ ਕਰ ਸਕਦੇ ਹਨ।